ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਨਾਲ ਹੀ PSPCL ਵੱਲੋਂ ਕਿਸਾਨਾਂ ਨੂੰ ਵੀ ਕੁਝ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਅਣਸੁਖਾਂਵੀ ਘਟਨਾ ਤੋਂ ਬਚਿਆ ਜਾ ਸਕੇ।
ਪੀਐਸਪੀਸੀਐਲ ਦੇ ਇੱਕ ਬੁਲਾਰੇ ਮੁਤਾਬਕ ਸੂਬੇ ਭਰ ਅੰਦਰ ਖੇਤਾਂ ਉੱਪਰੋਂ ਨਿਕਲਣ ਵਾਲੀਆਂ ਬਿਜਲੀ ਦੀਆਂ ਤਾਰਾਂ ਨੂੰ ਲੈ ਕੇ ਵਿਭਾਗ ਨੇ ਨਿਗਰਾਨੀ ਵਧਾ ਦਿੱਤੀ ਹੈ। ਇਸ ਲੜੀ ਹੇਠ ਜਿਥੋਂ-ਜਿੱਥੋਂ ਇਹ ਤਾਰਾਂ ਨਿਕਲਦੀਆਂ ਹਨ, ਉਨ੍ਹਾਂ ਇਲਾਕਿਆਂ ਵਿੱਚ ਐਸਡੀਓ ਸਣੇ ਹੋਰਨਾਂ ਮੁਲਾਜ਼ਮਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ, ਫਾਇਰ ਸਟੇਸ਼ਨਾਂ ਨਾਲ ਵੀ ਸੰਪਰਕ ਕਰਕੇ ਉਨ੍ਹਾਂ ਨੂੰ ਅਲਰਟ ਰਹਿਣ ਵਾਸਤੇ ਕਿਹਾ ਗਿਆ ਹੈ। ਇਸ ਦੌਰਾਨ ਬਿਜਲੀ ਦੀਆਂ ਢਿੱਲੀਆਂ/ਨੀਵੀਆਂ ਤਾਰਾਂ ਅਤੇ ਜੀ.ਓ ਸਵਿਚਾਂ ਆਦਿ ਤੋਂ ਸਪਾਰਕਿੰਗ ਨਾਲ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਸੂਚਨਾ ਤੁਰੰਤ ਨੇੜੇ ਦੇ ਉਪ ਮੰਡਲ ਦਫਤਰ/ਸ਼ਿਕਾਇਤ ਘਰ ਦੇ ਨਾਲ-ਨਾਲ ਕੰਟਰੋਲ ਰੂਮ ਨੰਬਰ 96461-06835, 96461-06836 ਜਾਂ 1912 ਤੇ ਦਿੱਤੀ ਜਾ ਸਕਦੀ ਹੈ, ਤਾਂ ਜੋ ਇਹਨਾਂ ਬਿਜਲੀ ਦੀਆਂ ਲਾਈਨਾਂ/ਤਾਰਾਂ ਦੀ ਸਮੇਂ ਸਿਰ ਦਰੁਸਤੀ ਕੀਤੀ ਜਾ ਸਕੇ।
ਇਸਦੇ ਨਾਲ ਹੀ ਬਿਜਲੀ ਦੀਆਂ ਢਿੱਲੀਆਂ ਜਾਂ ਨੀਵੀਆਂ ਤਾਰਾਂ ਜਾਂ ਸਪਾਰਕਿੰਗ ਦੀਆਂ ਤਸਵੀਰਾਂ ਸਮੇਤ ਲੋਕੇਸ਼ਨ ਵੱਟਸਐਪ ਨੰਬਰ 96461-06835/36 ਤੇ ਭੇਜੀਆਂ ਜਾ ਸਕਦੀਆਂ ਹਨ। ਉਪਰੋਕਤ ਤੋਂ ਇਲਾਵਾ, ਵਿਭਾਗ ਵੱਲੋਂ ਕਿਸਾਨਾਂ ਨੂੰ ਵੀ ਕੁਝ ਸਾਵਧਾਨੀਆਂ ਵਰਤਣ ਵਾਸਤੇ ਗਿਆ ਹੈ। ਇਸ ਦੌਰਾਨ ਕੱਟੀ ਹੋਈ ਕਣਕ ਬਿਜਲੀ ਦੀਆਂ ਤਾਰਾਂ ਦੇ ਹੇਠਾਂ ਜਾਂ ਟਰਾਂਸਫਾਰਮਰ ਅਤੇ ਜੀ.ਓ ਸਵਿੱਚ ਦੇ ਨਜ਼ਦੀਕ ਨਾ ਰੱਖੀ ਜਾਵੇ। ਟਰਾਂਸਫਾਰਮਰ ਦੇ ਆਲੇ-ਦੁਆਲੇ ਦੀ ਇੱਕ ਮਰਲਾ ਕਣਕ ਪਹਿਲਾਂ ਹੀ ਕੱਟ ਲਏ ਜਾਵੇ।
ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਦੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖਿਆ ਜਾਵੇ, ਤਾਂ ਜੋ ਕੋਈ ਚੰਗਿਆੜੀ ਡਿੱਗਣ ਦੀ ਸਥਿਤੀ ਵਿੱਚ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ। ਕਣਕ ਦੇ ਨੇੜੇ ਬੀੜੀ/ਸਿਗਰੇਟ ਦੀ ਵਰਤੋਂ ਨਾ ਕੀਤੀ ਜਾਵੇ। ਬਾਂਸ ਜਾਂ ਸੋਟੀ ਨਾਲ ਬਿਜਲੀ ਦੀ ਲਾਈਨ ਨੂੰ ਨਾ ਛੇੜਿਆ ਜਾਵੇ । ਕਿਸੇ ਅਣ-ਅਧਿਕਾਰਿਤ ਆਦਮੀ ਨੂੰ ਜੀ.ਓ ਸਵਿੱਚ ਨਾ ਕੱਟਣ ਦਿੱਤਾ ਜਾਵੇ।
ਕੱਟੀ ਹੋਈ ਕਣਕ ਦੀ ਨਾੜ/ਰਹਿੰਦ ਖੂੰਦ ਨੂੰ ਅੱਗ ਨਾ ਲਾਈ ਜਾਵੇ। ਹਾਰਵੈਸਟਰ ਕੰਬਾਈਨ ਸਿਰਫ ਦਿਨ ਵੇਲੇ ਹੀ ਚਲਾਈ ਜਾਵੇ। ਹਾਰਵੈਸਟਰ ਕੰਬਾਈਨ ਦੇ ਪੁਰਜਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਤੇ ਧਿਆਨ ਰੱਖਿਆ ਜਾਵੇ। ਇਸ ਦੌਰਾਨ ਹਾਰਵੈਸਟਰ ਕੰਬਾਈਨ ਖੰਭਿਆਂ ,ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਟਕਰਾਉਣੀ ਨਹੀਂ ਚਾਹੀਦੀ। ਇਸੇ ਤਰ੍ਹਾਂ, ਕਣਕ ਨੂੰ ਅੱਗ ਤੋਂ ਬਚਾਉਣ ਲਈ ਸ਼ਰਾਰਤੀ ਅਨਸਰਾਂ ਤੇ ਵੀ ਨਿਗਰਾਨੀ ਰੱਖੀ ਜਾਵੇ।