ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਵਾਰ ਫਿਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਕਿ ਉਹ ਪਾਰਟੀ ਨੂੰ ਛੱਡਣ ਬਾਰੇ ਆਪਣੇ ਫ਼ੈਸਲੇ ਤੇ ਨਜ਼ਰਸਾਨੀ ਕਰਨ, ਤੇ ਨਾਲ ਹੀ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੇ ਪਾਰਟੀ ਵਿੱਚ ਆਉਣ ਦੀ ਕਨਸੋਆਂ ਗ਼ਲਤ ਹਨ। ਉਹ ਹੀ ਪਾਰਟੀ ਦੇ ਉਮੀਦਵਾਰ ਸਨ
ਗਿੱਦੜਬਾਹਾ ਤੋਂ ਵੱਡੀ ਗਿਣਤੀ ਵਿੱਚ ਆਈ ਸੰਗਤ ਦੀਆਂ ਭਾਵਨਾਵਾਂ ਤੇ ਵਿਚਾਰ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਮੁਖ਼ਾਤਿਬ ਹੁੰਦੇ ਹੋਏ, ਬਾਦਲ ਨੇ ਸਪੱਸ਼ਟ ਕੀਤਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਤੇ ਗਿੱਦੜਬਾਹਾ ਤੋਂ ਪਾਰਟੀ ਟਿਕਟ ‘ਤੇ ਚੋਣ ਲੜਣ ਸਬੰਧੀ ਉਡਾਈਆਂ ਜਾ ਰਹੀਆਂ ਸਾਰੀਆਂ ਗੱਲਾਂ ਮਨਘੜਤ ਤੇ ਬੇਬੁਨਿਆਦ ਹਨ।
ਪਾਰਟੀ ਪ੍ਰਧਾਨ ਨੇ ਮੁੜ ਸਪੱਸ਼ਟ ਕੀਤਾ ਕਿ ਇਸ ਗੱਲ ਵਿੱਚ ਕਦੇ ਕੋਈ ਸ਼ੰਕਾ ਹੀ ਨਹੀਂ ਸੀ ਕਿ ਡਿੰਪੀ ਢਿੱਲੋਂ ਹੀ ਪਾਰਟੀ ਦੇ ਉਮੀਦਵਾਰ ਸਨ। ਉਨ੍ਹਾਂ ਕਿਹਾ ਕਿ ਜੇ ਸਾਰੇ ਤੱਥਾਂ ਦੇ ਬਾਵਜੂਦ ਡਿੰਪੀ ਢਿੱਲੋਂ ਨੇ ਆਪਣੇ ਕਿਸੇ ਨਿੱਜੀ ਹਿੱਤ ਜਾਂ ਮਜਬੂਰੀ ਕਾਰਨ ਪਾਰਟੀ ਵਰਕਰਾਂ ਤੇ ਸੰਗਤ ਨੂੰ ਪਿੱਠ ਦਿਖਾਉਣ ਦਾ ਮਨ ਬਣਾ ਹੀ ਲਿਆ ਹੈ ਤਾਂ ਵੀ ਉਹ ਗਿੱਦੜਬਾਹਾ ਸੀਟ ਬਾਰੇ ਅਗਲਾ ਫ਼ੈਸਲਾ 10 ਦਿਨ ਢਿੱਲੋਂ ਦੇ ਜਵਾਬ ਦਾ ਇੰਤਜ਼ਾਰ ਕਰਨ ਤੋਂ ਉਪਰੰਤ ਹੀ ਕਰਨਗੇ ਤੇ ਉਹ ਵੀ ਹਲਕੇ ਦੀ ਸੰਗਤ ਨੂੰ ਨਾਲ ਲੈ ਕੇ ਤੇ ਉਹਨਾਂ ਦੀ ਰਾਏ ਨਾਲ। ਉਸ ਤੋਂ ਬਾਅਦ ਉਹ ਸੰਗਤ ਦੇ ਹੁਕਮ ਅਨੁਸਾਰ ਜੋ ਜ਼ਿੰਮੇਵਾਰੀ ਲੱਗੇਗੀ ਉਸ ਉਤੇ ਉਹ ਪੂਰੀ ਨਿਮਰਤਾ ਪਰ ਦ੍ਰਿੜਤਾ ਨਾਲ ਪਹਿਰਾ ਦੇਣਗੇ।
ਸ਼੍ਰੋਮਣੀ ਅਕਾਲੀ ਦਲ ਛੱਡ ਕੇ ਬਾਗ਼ੀ ਹੋਏ ਡਿੰਪੀ ਢਿੱਲੋਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ ਹਾਲਾਂਕਿ ਢਿੱਲੋਂ ਦੇ ਪਾਰਟੀ ਛੱਡਣ ਤੋਂ ਬਾਅਦ ਪਾਰਟੀ ਪ੍ਰਧਾਨ ਖ਼ਫਾ ਤਾਂ ਹੋਣਗੇ ਪਰ ਸਿਆਸੀ ਮਜਬੂਰੀ ਕਾਰਨ ਉਹ ਢਿੱਲੋਂ ਨੂੰ ਵਾਪਸ ਲਿਆਉਣ ਲਈ ਮਨਾ ਰਹੇ ਹਨ ਜਿਸ ਤੋਂ ਬਾਅਦ ਬਾਬਾ ਨਜਮੀ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਨੇ ਕਿ,ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ,ਹੱਥੀਂ ਮਹੁਰਾ ਖਾ ਕੇ ਮਰਨਾ ਪੈਂਦਾ ਏ।