ਬਟਾਲਾ ਫਾਇਰਿੰਗ: ਬਟਾਲਾ ਅਧੀਨ ਕਸਬਾ ਘੁਮਾਣ ਦੇ ਮਹਿਤਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ ‘ਤੇ ਬਾਵਾ ਪੈਟਰੋਲ ਪੰਪ ਦੇ ਸਾਹਮਣੇ ਦੋ ਧਿਰਾਂ ਵਿਚਕਾਰ ਆਹਮੋ-ਸਾਹਮਣੇ ਗੋਲੀਆਂ ਚੱਲਣ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ।
ਮੌਕੇ ‘ਤੇ ਪਹੁੰਚੇ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਰਾਜੇਸ਼ ਕੱਕੜ ਨੇ ਦੱਸਿਆ ਕਿ ਬਾਵਾ ਪੈਟਰੋਲ ਪੰਪ ਦੇ ਸਾਹਮਣੇ ਦੋ ਧਿਰਾਂ ਵਿਚਕਾਰ ਆਹਮੋ-ਸਾਹਮਣੇ ਗੋਲੀਆਂ ਚੱਲੀਆਂ ਹਨ। ਇੱਕ ਧਿਰ ਬਲਜਿੰਦਰ ਸਿੰਘ ਬਿੱਲਾਂ ਪੁੱਤਰ ਨਿਰੰਜਨ ਸਿੰਘ ਵਾਸੀ ਮੰਡਿਆਲਾ ਆਪਣੇ ਸਾਥੀ ਨਾਲ ਗੁਰਪ੍ਰੀਤ ਸਿੰਘ ਗੋਰਾ ਪੁੱਤਰ ਚਮਕੌਰ ਸਿੰਘ ਵਾਸੀ ਬਰਿਆਰ, ਜੋ ਕਿ ਆਪਣੀ ਗੱਡੀ ਵਿੱਚ ਬੈਠ ਕੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਅਜੇ ਨਿਕਲੇ ਹੀ ਸਨ ਕਿ ਉੱਥੇ ਅਣਪਛਾਤੇ ਕਾਰ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਦੋਹਾਂ ਧਿਰਾਂ ਵਿਚਕਾਰ ਕਰੀਬ 20 ਤੋਂ ਵੱਧ ਗੋਲੀਆਂ ਚੱਲੀਆਂ ਹਨ।
ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੌਰਾਨ ਗੁਰਪ੍ਰੀਤ ਸਿੰਘ ਗੋਰਾ ਵਾਸੀ ਬਰਿਆਰ ਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਬਲਜਿੰਦਰ ਸਿੰਘ ਬਿੱਲਾ ਗੰਭੀਰ ਰੂਪ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਅਮ੍ਰਿਤਸਰ ਸਾਹਿਬ ਵਿਖੇ ਭੇਜ ਦਿੱਤਾ ਹੈ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਤਫਦੀਸ਼ ਦੇ ਬਾਅਦ ਹੀ ਪਤਾ ਲੱਗ ਸਕੇਗਾ।