ਕਾਲਜ ਦੀ ਪ੍ਰਧਾਨਗੀ ਤੋਂ ਦੇਸ਼ ਦੀ ਪਾਰਲੀਮੈਂਟ ਤੱਕ ਇੰਝ ਪਹੁੰਚੇ  ਸੁਖਦੇਵ ਸਿੰਘ ਢੀਂਡਸਾ

0
4466

ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ਼ ਲੀਡਰ ਸੁਖਦੇਵ ਸਿੰਘ ਢੀਂਡਸਾ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਢੀਂਡਸਾ ਨੇ ਕਾਲਜ ਦੀ ਪ੍ਰਧਾਨਗੀ ਤੋਂ ਸਿਆਸਤ ਸ਼ੁਰੂ ਕੀਤੀ ਤੇ ਪਾਰਲੀਮੈਂਟ ਤੱਕ ਦੇ ਸਫਰ ਦੌਰਾਨ ਕਈ ਮੁਕਾਮ ਹਾਸਲ ਕੀਤੇ। ਬੇਸ਼ੱਕ ਢੀਂਡਸਾ ਆਖਰੀ ਦੌਰ ਵਿੱਚ ਬਾਦਲ ਪਰਿਵਾਰ ਖਿਲਾਫ ਡਟ ਗਏ ਪਰ ਫਿਰ ਵੀ ਉਹ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬ ਰਹੇ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦਿਮਾਗ ਤੇ ਨੀਤੀ ਘਾੜੇ ਵਜੋਂ ਜਾਣਿਆ ਜਾਂਦਾ ਸੀ।

ਦਰਅਸਲ ਸੁਖਦੇਵ ਸਿੰਘ ਢੀਂਡਸਾ ਨੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੀ ਪ੍ਰਧਾਨਗੀ ਤੋਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਉਭਾਵਾਲ ਦੇ ਸਰਪੰਚ ਬਣੇ। ਇਸ ਮਗਰੋਂ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਸੈਂਟਰਲ ਕੋ-ਆਪ੍ਰੇਟਿਵ ਬੈਂਕ ਦੇ ਐਮਡੀ ਬਣੇ। ਪਿੰਡ ਉਭਾਵਾਲ ਵਿੱਚ ਪਿਤਾ ਰਤਨ ਸਿੰਘ ਤੇ ਮਾਤਾ ਲਾਭ ਕੌਰ ਦੇ ਘਰ 9 ਅਪਰੈਲ 1936 ਨੂੰ ਜਨਮੇ ਸੁਖਦੇਵ ਸਿੰਘ ਢੀਂਡਸਾ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਕੈਬਨਿਟ ਮੰਤਰੀ ਦੇ ਅਹੁਦੇ ਤੱਕ ਪੁੱਜੇ।

ਢੀਂਡਸਾ ਨੇ ਸੰਨ 1972 ’ਚ ਧਨੌਲਾ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ। ਆਜ਼ਾਦ ਚੋਣ ਜਿੱਤਣ ਉਪਰੰਤ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਐਮਰਜੈਂਸੀ ਦੌਰਾਨ ਜੇਲ੍ਹਾਂ ’ਚ ਬੰਦ ਰਹੇ। ਸੰਨ 1977 ਵਿੱਚ ਸੁਨਾਮ ਹਲਕੇ ਤੋਂ ਵਿਧਾਨ ਸਭਾ ਚੋਣ ਜਿੱਤੀ। ਇਸ ਤੋਂ ਬਾਅਦ ਸੰਨ 1980 ਵਿਚ ਤੀਜੀ ਵਾਰ ਸੰਗਰੂਰ ਹਲਕੇ ਤੋਂ ਵਿਧਾਇਕ ਬਣੇ।

ਫਿਰ ਸ਼੍ਰੋਮਣੀ ਅਕਾਲੀ ਦਲ ਦੇ ਧਰਮਯੁੱਧ ਮੋਰਚੇ ਵਿੱਚ ਮੋਹਰੀ ਭੂਮਿਕਾ ਨਿਭਾਈ ਤੇ ਲੰਮਾ ਸਮਾਂ ਜੇਲ੍ਹ ’ਚ ਬੰਦ ਰਹੇ। ਇਸ ਮਗਰੋਂ ਸੰਨ 1986 ਵਿੱਚ ਮੁੜ ਸੁਨਾਮ ਹਲਕੇ ਤੋਂ ਵਿਧਾਇਕ ਚੁਣੇ ਗਏ। ਢੀਂਡਸਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਕਰੀਬੀ ਮੰਨੇ ਜਾਂਦੇ ਸਨ। ਸੰਨ 1998 ਵਿੱਚ ਉਹ ਰਾਜ ਸਭਾ ਮੈਂਬਰ ਚੁਣੇ ਗਏ ਤੇ ਵਾਜਪਾਈ ਸਰਕਾਰ ਵਿੱਚ ਕੇਂਦਰੀ ਕੈਬਨਿਟ ਮੰਤਰੀ ਬਣੇ। ਸੰਨ 2004 ਵਿੱਚ ਸੰਗਰੂਰ ਲੋਕ ਸਭਾ ਸੀਟ ਜਿੱਤ ਕੇ ਸੰਸਦ ਮੈਂਬਰ ਬਣੇ।

ਢੀਂਡਸਾ ਨੇ ਪੰਥਕ ਰਵਾਇਤਾਂ ਤੇ ਸਿਧਾਂਤਾਂ ਦੇ ਉਲਟ ਚੱਲਣ ਕਰਕੇ ਪਾਰਟੀ ਪ੍ਰਧਾਨ ਦੀਆਂ ਕਾਰਵਾਈਆਂ ਦਾ ਡਟ ਕੇ ਵਿਰੋਧ ਵੀ ਕੀਤਾ ਤੇ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਾਇਮ ਕੀਤਾ। ਉਨ੍ਹਾਂ ਅਕਾਲੀ ਲੀਡਰਸ਼ਿਪ ਸਮੇਤ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪੇਸ਼ ਹੋ ਕੇ ਮੁਆਫ਼ੀਨਾਮਾ ਦਿੱਤਾ ਜਿਸ ਉਪਰੰਤ ਅਕਾਲੀ ਆਗੂਆਂ ਨੂੰ ਤਨਖਾਹ ਲਾਈ ਗਈ।  ਢੀਂਡਸਾ ਨੇ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਤਨਖਾਹ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰਦਿਆਂ ਇਸ ਨੂੰ ਸੰਪੂਰਨ ਕੀਤਾ।

ਢੀਂਡਸਾ ਪਿਛਲੇ ਕਰੀਬ 40 ਸਾਲਾਂ ਤੋਂ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਟਰੱਸਟ ਦੇ ਪ੍ਰਧਾਨ ਚਲੇ ਆ ਰਹੇ ਸਨ। ਢੀਂਡਸਾ ਦੀ ਸਿਹਤ ਪਿਛਲੇ ਕੁੱਝ ਸਮੇਂ ਤੋਂ ਠੀਕ ਨਹੀਂ ਸੀ। ਇਨਫੈਕਸ਼ਨ ਵਧਣ ਕਾਰਨ ਢੀਂਡਸਾ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਹ ਇਸ ਬਿਮਾਰੀ ਤੋਂ ਉਭਰ ਨਹੀਂ ਸਕੇ ਤੇ 89 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਏ। ਅਕਾਲੀ ਸਿਆਸਤ ’ਚ ਨਿਭਾਈਆਂ ਸੇਵਾਵਾਂ ਬਦਲੇ  ਢੀਂਡਸਾ ਹਮੇਸ਼ਾ ਲੋਕ ਮਨਾਂ ਵਿੱਚ ਵਸੇ ਰਹਿਣਗੇ। ਉਹ ਆਪਣੇ ਪਿੱਛੇ ਪਤਨੀ, ਦੋ ਧੀਆਂ ਤੇ ਇੱਕ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਛੱਡ ਗਏ।

 

LEAVE A REPLY

Please enter your comment!
Please enter your name here