ਪੰਜਾਬ ਸਰਕਾਰ ਨਾਲ ਮੁਲਾਕਾਤ ਲਈ ਸਕੀਮ: ”ਪੰਜਾਬ ਸਰਕਾਰ ਨਾਲ ਹੁਣ ਮੀਟਿੰਗ ਉਦੋਂ ਹੀ ਹੋਵੇਗੀ, ਜਦੋਂ ਸਰਕਾਰ ਮਾਹੌਲ ਠੀਕ ਕਰੇਗੀ, ਕਿਉਂਕਿ ਹੁਣ ਕਿਸਾਨਾਂ ਨੂੰ ਭਰੋਸਾ ਨਹੀਂ ਰਿਹਾ ਹੈ, ਕਿ ਮੀਟਿੰਗ ਬਹਾਨੇ ਸੱਦ ਉਨ੍ਹਾਂ ਨੂੰ ਸਰਕਾਰ ਪੁਲਿਸ ਤੋਂ ਗ੍ਰਿਫ਼ਤਾਰ ਨਾ ਕਰਵਾਵੇ।” ਇਹ ਸ਼ਬਦ ਸੰਯੁਕਤ ਕਿਸਾਨ ਮੋਰਚਾ (ਪੰਜਾਬ ਚੈਪਟਰ) ਦੇ ਆਗੂਆਂ ਨੇ ਅੱਜ ਸ਼ਾਮ ਨੂੰ 4 ਵਜੇ ਪੰਜਾਬ ਸਰਕਾਰ ਵੱਲੋਂ ਮੀਟਿੰਗ ਦਾ ਬਾਈਕਾਟ ਕਰਦਿਆਂ ਕਹੇ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਵੇਰ ਤੋਂ ਹੀ ਚੰਡੀਗੜ੍ਹ ਵਿਖੇ ਜੁੜੇ ਹੋਏ ਸਨ ਅਤੇ ਮੀਟਿੰਗ ‘ਚ ਸ਼ਮੂਲੀਅਤ ਨੂੰ ਲੈ ਕੇ ਚਰਚਾ ਕਰ ਰਹੇ ਸਨ, ਜਿਸ ਤੋਂ ਬਾਅਦ ਆਗੂਆਂ ਨੇ ਪੰਜਾਬ ਸਰਕਾਰ ਨਾਲ ਮੀਟਿੰਗ ਨਾ ਕਰਨ ਦਾ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਨਾਲ ਰਿਲੇਟਿਡ ਮੰਗਾਂ ਬਾਰੇ ਸੱਦਾ ਮਿਲਿਆ ਸੀ, ਪਰ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਉਹ ਮੀਟਿੰਗ ‘ਚ ਸ਼ਾਮਲ ਨਹੀਂ ਹੋਣਗੇ।
ਆਗੂਆਂ ਨੇ ਪੰਜਾਬ ਸਰਕਾਰ ‘ਤੇ ਬੇਭਰੋਸਗੀ ਜ਼ਾਹਰ ਕਰਦਿਆਂ ਕਿਹਾ ਕਿ ਕਿਸਾਨਾਂ ‘ਤੇ ਕੀਤਾ ਗਿਆ ਐਕਸ਼ਨ ਪੂਰੀ ਤਰ੍ਹਾਂ ਵਿਸ਼ਵਾਸਘਾਤ ਕੀਤਾ ਗਿਆ ਹੈ, ਜਿਸ ਕਾਰਨ ਹੁਣ ਭਰੋਸਾ ਨਹੀਂ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਤੁਰੰਤ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰੇ ਅਤੇ ਮਾਹੌਲ ਸਹੀ ਕਰੇ।
28 ਨੂੰ ਜਬਰ ਵਿਰੋਧੀ ਦਿਵਸ ਮਨਾਉਣ ਦਾ ਐਲਾਨ
ਕਿਸਾਨ ਆਗੂਆਂ ਨੇ ਇਸ ਦੌਰਾਨ 26 ਮਾਰਚ ਨੂੰ ਵਿਧਾਨ ਸਭਾ ਵੱਲ ਕੀਤਾ ਜਾਣ ਵਾਲਾ ਮਾਰਚ ਸਸਪੈਂਡ ਕਰਨ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ 28 ਮਾਰਚ ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰਕੇ ਜਬਰ ਵਿਰੋਧੀ ਦਿਵਸ ਮਨਾਉਣ ਦਾ ਐਲਾਨ ਕਰਦੇ ਹੋਏ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਆਗੂਆਂ ਨੇ ਇਸ ਮੌਕੇ ਫੈਸਲਾ ਕਰਦਿਆਂ ਅਗਲੇ ਅੰਦੋਲਨ ਦੀ ਰੂਪਰੇਖਾ ਉਲੀਕਣ ਲਈ ਅਧਿਕਾਰ 6 ਮੈਂਬਰੀ ਕਮੇਟੀ ਨੂੰ ਦੇ ਦਿੱਤੇ ਹਨ।
ਦੱਸ ਦਈਏ ਕਿ ਇਸਤੋਂ ਪਹਿਲਾਂ ਸਵੇਰੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਪੰਜਾਬ ਸਰਕਾਰ ਨਾਲ ਮੀਟਿੰਗ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।