kisan-andolan-2.0: ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ‘ਦਿੱਲੀ ਚਲੋ’ ਅੰਦੋਲਨ (farmers-protest-2.0) ਨੂੰ ਕੁਚਲਣ ਲਈ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਹੱਥਕੰਡੇ ਅਪਨਾਏ ਜਾ ਰਹੇ ਹਨ। ਰਾਜਾਂ ਦੀਆਂ ਸਰਹੱਦਾਂ ਸੀਲ ਕਰਨ ਤੋਂ ਇਲਾਵਾ ਸੜਕਾਂ ‘ਤੇ ਬੈਰੀਕੇਡ ਲਾਉਣ ਤੋਂ ਬਾਅਦ ਦਿੱਲੀ (farmers-protest-2.0) ਵੱਲ ਵੱਧ ਰਹੇ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ ਉਪਰ ਰਬੜ ਦੀਆਂ ਗੋਲੀਆਂ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਹਨ, ਜਿਸ ਦੌਰਾਨ ਕਈ ਕਿਸਾਨ ਜ਼ਖ਼ਮੀ ਵੀ ਹੋਏ ਹਨ। ਇਸ ਦੌਰਾਨ ਹੰਝੂ ਗੈਸ ਦਾ ਅੱਖਾਂ ਅਤੇ ਚਮੜੀ ‘ਤੇ ਪ੍ਰਭਾਵ ਵੀ ਪੈਂਦਾ ਵਿਖਾਈ ਦਿੱਤਾ। ਕਈ ਕਿਸਾਨਾਂ ਦੀਆਂ ਅੱਖਾਂ ਵਿੱਚ ਜਲਣ ਵੀ ਹੋਈ ਅਤੇ ਐਲਰਜੀ ਵੀ, ਪਰ ਹੁਣ ਕਿਸਾਨਾਂ ਨੇ ਇਸ ਦਾ ਵੀ ਹੱਲ ਲੱਭ ਲਿਆ ਹੈ ਅਤੇ ਇੱਕ ਨੌਜਵਾਨ ਨੇ ਇਸ ਦੀ ਦਵਾਈ ਵੀ ਲੱਭ ਲਈ ਹੈ।
ਦਵਾਈ ਲੈ ਕੇ ਆਏ ਨੌਜਵਾਨ ਗੁਰਪ੍ਰੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਇਹ ਦਵਾਈ ਜੀਨੋਚੀਨਾ ਹੈ, ਜੋ ਕਿ ਅੰਦੋਲਨ ਦੌਰਾਨ ਕਿਸਾਨਾਂ ਦੇ ਬਹੁਤ ਹੀ ਕੰਮ ਆ ਸਕਦੀ ਹੈ। ਉਸ ਨੇ ਦੱਸਿਆ ਕਿ ਜਦੋਂ ਪੁਲਿਸ ਹੰਝੂ ਗੈਸ ਦੇ ਗੋਲੇ ਛੱਡਦੀ ਹੈ ਤਾਂ ਇਹ ਗੈਸ ਅੱਖਾਂ ਵਿੱਚ ਪੈਣ ਤੋਂ ਬਾਅਦ ਜਲਣ ਸ਼ੁਰੂ ਹੋ ਜਾਂਦੀ ਹੈ ਅਤੇ ਕੁੱਝ ਵੀ ਵਿਖਾਈ ਨਹੀਂ ਦਿੰਦਾ ਪਰ ਇਹ ਦਵਾਈ ਇੱਕ ਤੁਪਕਾ ਪਾਉਣ ਨਾਲ ਅੱਧੇ ਘੰਟੇ ਬਾਅਦ ਅਸਰ ਸ਼ੁਰੂ ਹੋ ਜਾਂਦਾ ਹੈ ਅਤੇ ਅੱਖ ਨੂੰ ਸੁੰਨ ਕਰ ਦਿੰਦੀ ਹੈ, ਜਿਸ ਤੋਂ ਬਾਅਦ ਜਿੰਨਾ ਮਰਜ਼ੀ ਧੂੰਆਂ ਹੋਵੇ, ਪਤਾ ਨਹੀਂ ਲੱਗਦਾ।
ਉਸ ਨੇ ਦਾਅਵਾ ਕੀਤਾ ਕਿ ਉਸ ਨੇ ਖੁਦ ਵੀ ਇਹ ਦਵਾਈ ਵਰਤੀ ਹੈ ਅਤੇ ਡਾਕਟਰ ਵੀ ਇਲਾਜ ਦੌਰਾਨ ਇਹ ਦਵਾਈ ਦੀ ਵਰਤੋਂ ਕਰਦੇ ਹਨ। ਉਸ ਨੇ ਦਾਅਵਾ ਕੀਤਾ ਕਿ ਸ਼ਰਤੀਆ ਹੈ ਕਿ ਇਸਦਾ ਕੋਈ ਸਾਈਡ ਇਫੈਕਟ ਨਹੀਂ ਹੈ। ਇਹ ਦਵਾਈ ਹਰ ਮੈਡੀਕਲ ਸਟੋਰ ਤੋਂ ਨਾਰਮਲ ਦਵਾਈ ਵਾਂਗ ਹੀ ਮਿਲਦੀ ਹੈ।
ਨੌਜਵਾਨ ਨੇ ਕਿਹਾ ਕਿ ਹਾਲਾਂਕਿ ਹੁਣ ਉਨ੍ਹਾਂ ਨੇ ਹੰਝੂ ਗੈਸ ਦਾ ਤੋੜ ਤਾਂ ਲੱਭ ਲਿਆ ਹੈ ਅਤੇ ਹੁਣ ਗਲੇ ਨੂੰ ਲੱਗਦੀ ਗੈਸ ਦੇ ਅਸਰ ਨੂੰ ਲੈ ਕੇ ਵੀ ਡਾਕਟਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਛੇਤੀ ਉਸਦਾ ਇਲਾਜ ਵੀ ਲੱਭ ਲਿਆ ਜਾਵੇਗਾ। ਉਸ ਨੇ ਦੂਜੇ ਕਿਸਾਨਾਂ ਨੂੰ ਵੀ ਸ਼ੰਭੂ ਦਵਾਈ ਲੈ ਕੇ ਪਹੁੰਚਣ ਦੀ ਅਪੀਲ ਕੀਤੀ।