ਲੋਕ ਸਭਾ ਚੋਣਾਂ 2024: ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ‘ਚ ਉਮੀਦਵਾਰਾਂ ਵੱਲੋਂ ਵੱਖ–ਵੱਖ ਮੁੱਦਿਆਂ ‘ਤੇ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ। ਮਹਿੰਗਾਈ ਤੋਂ ਲੈ ਕੇ ਰੁਜ਼ਗਾਰ ਦੇਣ ਤੱਕ ਅਤੇ ਔਰਤਾਂ ਲਈ ਤਰ੍ਹਾਂ–ਤਰ੍ਹਾਂ ਦੇ ਲੁਭਾਉਣੇ ਵਾਅਦੇ ਕੀਤੇ ਜਾ ਰਹੇ ਹਨ। ਜੇਕਰ ਪੰਜਾਬ ‘ਚ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਮੁੱਦਾ ਕਿਸਾਨੀ ਹੈ, ਜੋ ਕਿ ਦੇਸ਼ ਭਰ ਦੇ ਕਿਸਾਨ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਸ ਦੇ ਨਾਲ ਹੀ ਨਸ਼ਿਆਂ ਨੂੰ ਖਤਮ ਕਰਨਾ, ਪੰਥਕ ਮੁੱਦੇ, ਮੁਫ਼ਤ ਸਕੀਮਾਂ ਅਤੇ ਕਾਨੂੰਨ ਵਿਵਸਥਾ ਮੁੱਦੇ ਵੀ ਇਸ ਸਮੇਂ ਚੋਣ ਪਿੜ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਜ਼ੋਰ–ਸ਼ੋਰ ਨਾਲ ਚੁੱਕੇ ਜਾ ਰਹੇ ਹਨ।
ਕਿਸਾਨੀ ਦਾ ਮੁੱਦਾ: ਕਿਸਾਨੀ ਦਾ ਮੁੱਦਾ ਪੰਜਾਬ ‘ਚ ਸਭ ਤੋਂ ਵੱਡਾ ਹੈ। ਕਿਉਂਕਿ ਕਿਸਾਨੀ ‘ਤੇ ਜਦੋਂ ਵੀ ਕੋਈ ਵੱਡੀ ਮੁਸੀਬਤ ਪੈਂਦੀ ਹੈ ਤਾਂ ਪੰਜਾਬ ਦੇ ਕਿਸਾਨ ਇਸ ਦਾ ਡੱਟ ਕੇ ਵਿਰੋਧ ਕਰਦੇ ਹਨ। ਸਾਲ 2020 ਵਿੱਚ ਵੀ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ‘ਤੇ ਪੰਜਾਬ ਦੇ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵੱਜੋਂ ਸਰਕਰ ਨੂੰ ਇਹ ਕਾਨੂੰਨ ਵਾਪਸ ਲੈਣੇ ਪਏ ਸਨ। ਹਾਲਾਂਕਿ ਕਿਸਾਨਾਂ ਨਾਲ ਉਸ ਸਮੇਂ ਕੀਤੇ ਵਾਅਦਿਆਂ ਨੂੰ ਸਰਕਾਰ ਨੇ ਅਜੇ ਤੱਕ ਪੂਰਾ ਨਹੀਂ ਕੀਤਾ, ਜਿਸ ਕਾਰਨ ਹੁਣ ਇੱਕ ਵਾਰ ਫਿਰ ਕਿਸਾਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਅੰਦੋਲਨ ਸ਼ੁਰੂ ਕੀਤਾ ਗਿਆ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜਿਵੇਂ ਕਿਸਾਨਾਂ ਨੂੰ ਹਰਿਆਣਾ ਦੀਆਂ ਸਰਹੱਦਾਂ ‘ਤੇ ਪੁਲਿਸ ਜਬਰ ਨਾਲ ਰੋਕਿਆ ਗਿਆ, ਕਈ ਕਿਸਾਨਾਂ ਨੂੰ ਚੁੱਕਿਆ ਗਿਆ, ਸ਼ੁਭਕਰਨ ਸਿੰਘ ਦੀ ਮੌਤ ਹੋਈ ਅਤੇ ਸਰਕਾਰ ਵੱਲੋਂ ਕੋਈ ਵੀ ਮੰਗ ਨਹੀਂ ਮੰਨੇ ਜਾਣਾ, ਕਾਰਨ ਕਿਸਾਨਾਂ ਵਿੱਚ ਕੇਂਦਰ ਸਰਕਾਰ ਖਿਲਾਫ਼ ਭਰਵਾਂ ਗੁੱਸਾ ਹੈ, ਜਿਸ ਕਾਰਨ ਇਹ ਸਾਰੀਆਂ ਗੱਲਾਂ ਵੋਟਿੰਗ ਦੌਰਾਨ ਕਿਸਾਨਾਂ ਦੇ ਦਿਮਾਗ ‘ਚ ਰਹਿਣਗੀਆਂ।
ਪੰਥਕ ਮੁੱਦੇ: ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਵੱਡਾ ਚੋਣ ਮੁੱਦਾ ਹੈ। ਬੇਅਦਬੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਕਾਰਨ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਹਮੇਸ਼ਾ ਤਤਪਰਤਾ ਵਿਖਾਈ ਗਈ ਹੈ, ਜਿਸ ਤਹਿਤ ਦਸਤਖਤੀ ਮੁਹਿੰਮ ਵੀ ਚਲਾਈ ਗਈ ਸੀ ਅਤੇ ਪੰਜਾਬ ਭਰ ‘ਚ ਕਾਲੇ ਕੱਪੜੇ ਪਾ ਕੇ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਸਦ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀ।
ਨਸ਼ੇ: ਪੰਜਾਬ ‘ਚ ਨਸ਼ੇ ਦਾ ਮੁੱਦਾ ਹਰ ਚੋਣਾਂ ਦੌਰਾਨ ਰਿਹਾ ਹੈ। ਹਰ ਪਾਰਟੀ ਇਨ੍ਹਾਂ ਨੂੰ ਖਤਮ ਕਰਨ ਦੇ ਦਾਅਵੇ ਤਾਂ ਕਰਦੀ ਹੈ ਪਰ ਹੁੰਦਾ ਕੁੱਝ ਨਹੀਂ। ਪੰਜਾਬ ਵਿਧਾਨ ਸਭਾ ਚੋਣਾਂ 2017 ‘ਚ ਕਾਂਗਰਸ ਅਤੇ 2022 ਦੌਰਾਨ ਆਮ ਆਮ ਆਦਮੀ ਪਾਰਟੀ ਨੇ ਵੀ ਕੁੱਝ ਮਹੀਨਿਆਂ ‘ਚ ਨਸ਼ਾ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਸਨ, ਪਰ ਨਸ਼ਾ ਖਤਮ ਨਹੀਂ ਹੋਇਆ ਸਗੋਂ ਇਸ ਕਾਰਨ ਮੌਤਾਂ ਦਾ ਅੰਕੜਾ ਵਧ ਗਿਆ।
ਪੰਜਾਬ ਪੁਲਿਸ ਦੀ ਜਾਣਕਾਰੀ ਅਨੁਸਾਰ ਨਸ਼ੇ ਦੀ ਵੱਧ ਮਾਤਰਾ ਕਾਰਨ ਸਾਲ 2020-21 ‘ਚ 36 ਮੌਤਾਂ ਹੋਈਆਂ ਅਤੇ ਸਾਲ 2021-22 ‘ਚ ਇਹ ਅੰਕੜਾ 71 ਹੋ ਗਿਆ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਸਾਲ 2022-23 ‘ਚ ਇਹ ਅੰਕੜਾ 159 ਮੌਤਾਂ ਤੱਕ ਪਹੁੰਚ ਗਿਆ।
ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਨਸ਼ਿਆਂ ਦੇ ਮੁੱਦੇ ‘ਤੇ ਦਾਇਰ ਐਫੀਡੇਵਿਟ ਅਨੁਸਾਰ ਮਾਰਚ 2022 ਤੋਂ 13 ਫਰਵਰੀ 2024 ਤੱਕ ਨਸ਼ੇ ਖਿਲਾਫ ਕਾਰਵਾਈ ‘ਚ ਕੁੱਲ੍ਹ 23,482 FIR ਦਰਜ ਕੀਤੀਆਂ ਗਈਆਂ ਹਨ। ਨਾਲ ਹੀ 32,006 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਿਛਲੇ ਦਿਨਾਂ ਦੌਰਾਨ ਸੰਗਰੂਰ ‘ਚ ਨਕਲੀ ਸ਼ਰਾਬ ਕਾਰਨ 21 ਲੋਕਾਂ ਦੀ ਮੌਤ ਨੇ ਵੀ ਪੰਜਾਬ ‘ਚ ਨਸ਼ਿਆਂ ‘ਤੇ ਸਵਾਲ ਖੜੇ ਕੀਤੇ ਹਨ, ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖਜ਼ਾਨਾ ਮੰਤਰੀ ਤੇ ਕੈਬਨਿਟ ਮੰਤਰੀ ਦਾ ਜ਼ਿਲ੍ਹਾ ਹੋਣ ਦੇ ਬਾਵਜੂਦ ਇਥੇ ਨਕਲੀ ਸ਼ਰਾਬ ਕਿਵੇਂ ਵਿਕਦੀ ਰਹੀ? ਭਾਵੇਂ ਕਿ ਇਸਤੋਂ ਪਹਿਲਾਂ 2020 ‘ਚ ਤਰਨਤਾਰਨ ‘ਚ ਵੀ 100 ਤੋਂ ਵੱਧ ਨਕਲੀ ਸ਼ਰਾਬ ਪੀਣ ਕਾਰਨ ਵਿਅਕਤੀਆਂ ਦੀ ਮੌਤ ਦੀ ਦੁਖਦਾਈ ਘਟਨਾ ਵਾਪਰੀ ਸੀ।
ਮੁਫ਼ਤ ਸਹੂਲਤਾਂ: ‘ਘਰ–ਘਰ ਮੁਫ਼ਤ ਰਾਸ਼ਨ‘ ਅਤੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦਾ ਮੁੱਦਾ ਵੀ ਪੰਜਾਬ ਦੇ ਲੋਕਾਂ ਲਈ ਇੱਕ ਸਰਗਰਮ ਮੁੱਦਾ ਹੈ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਘਰ ਘਰ ਮੁਫ਼ਤ ਰਾਸ਼ਨ ਸਕੀਮ ਕਾਰਨ ਡਿੱਪੂ ਹੋਲਡਰਾਂ ‘ਚ ਗੁੱਸੇ ਦੀ ਲਹਿਰ ਹੈ।
ਦੱਸ ਦਈਏ ਕਿ ਮੁਫ਼ਤ ਆਟਾ–ਦਾਲ ਅਤੇ ਮੁਫ਼ਤ ਬਿਜਲੀ ਵਰਗੀਆਂ ਸਹੂਲਤਾਂ ਸਾਬਕਾ ਮੁੱਖ ਮੰਤਰੀ ਸਵਰਗੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਸਨ, ਜਿਨ੍ਹਾਂ ਨੂੰ ਹੀ ਦੂਜੀਆਂ ਪਾਰਟੀਆਂ ਨੇ ਅੱਗੇ ਤੋਰਿਆ।
ਔਰਤਾਂ ਨੂੰ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਪਿਛਲੀ ਸਰਕਾਰ ਵਾਂਗ ਹੀ ਔਰਤਾਂ ਨੂੰ ਮੁਫ਼ਤ ਸਫਰ ਦੀ ਸਹੂਲਤਾਂ ਤਾਂ ਦਿੱਤੀ ਪਰ ਔਰਤਾਂ ਨਾਲ ਕੀਤੇ ਵਾਅਦੇ ਤੋਂ ਅਜੇ ਤੱਕ ਧੋਖਾ ਹੀ ਕਮਾਇਆ ਹੈ। ਔਰਤਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਇੱਕ ਹਜ਼ਾਰ ਰੁਪਏ ਦੀ ਗਰੰਟੀ ਅਜੇ ਤੱਕ ਪੂਰੀ ਨਹੀਂ ਹੋਈ ਹੈ। ਸੋ ਜੇ ਦੇਖਿਆ ਜਾਵੇ ਤਾਂ ਵਿਰੋਧੀ ਪਾਰਟੀਆਂ ਇਨ੍ਹਾਂ ਮੁਫਤ ਸਹੂਲਤਾਂ ਨੂੰ ਲੈ ਕੇ ਜਨਤਾ ਪਾਰਟੀ ਜਾਣਗੀਆਂ।
ਕਾਨੂੰਨ ਵਿਵਸਥਾ: ਜੇਕਰ ਪੰਜਾਬ ਜੇਕਰ ਆਮ ਆਦਮੀ ਪਾਰਟੀ ਦੇ ਰਾਜ ‘ਚ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੱਦਾ ਸਾਂਭਣ ਤੋਂ ਬਾਅਦ ਮਾਰਚ 2022 ‘ਚ ਹੀ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਅਤੇ ਫਿਰ ਮਈ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਕਈ ਸਵਾਲ ਖੜੇ ਕਰ ਦਿੱਤੇ। ਉਪਰੰਤ ਜੇਲ੍ਹਾਂ ਵਿੱਚ ਗੈਂਗਸਟਰਾਂ ਵੱਲੋਂ ਮੋਬਾਈਲ ਫੋਨ ਵਰਤੇ ਜਾਣ ਅਤੇ ਸੋਸ਼ਲ ਮੀਡੀਆ ਰਾਹੀਂ ਪਾਰਟੀਆਂ ਦੀਆਂ ਵੀਡੀਓਜ਼ ਨੇ ਕਾਨੂੰਨ ਵਿਵਸਥਾ ਨੂੰ ਇੱਕ ਮੁੱਦਾ ਬਣਾ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਕਈ ਦਾਅਵੇ ਵੀ ਕੀਤੇ, ਜਿਵੇਂ ਸਿੱਧੂ ਮੂਸੇਵਾਲਾ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਨੂੰ ਅਮਰੀਕਾ ‘ਚ ਡਿਟੇਨ ਕਰਨਾ, ਪਰ ਲੋਕਾਂ ਦਾ ਧਿਆਨ ਭਟਕਾਉਣ ਤੋਂ ਇਲਾਵਾ ਨਿਕਲਿਆ ਕੁੱਝ ਨਹੀਂ ਸੀ।
ਇਸਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਅਤੇ ਐਨਐਸਏ ਲਗਾਉਣਾ ਆਦਿ ਅਜਿਹੇ ਕਈ ਮੁੱਦੇ ਹਨ, ਜਿਨ੍ਹਾਂ ਦਾ ਵਿਰੋਧੀ ਪਾਰਟੀਆਂ ਇਨ੍ਹਾਂ ਚੋਣਾਂ ‘ਚ ਰੱਜ ਕੇ ਲਾਹਾ ਖੱਟਣ ਦੀ ਤਿਆਰੀ ਵਿੱਚ ਹਨ। ਪਰ ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ‘ਚ ਲੋਕ ਕਿੰਨਾ ਇਨ੍ਹਾਂ ਮੁੱਦਿਆਂ ਵੱਲ ਧਿਆਨ ਦਿੰਦੇ ਹਨ ਅਤੇ ਕਿਹੜੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ।
[…] Previous articleThese are the 5 major issues of Punjab including agriculture, know how they can affect the elections […]