ਫ਼ਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੇਂਦਰ ਅਤੇ ਕਿਸਾਨਾਂ ਦਰਮਿਆਨ ਅੱਜ ਬੁੱਧਵਾਰ ਨੂੰ ਸੱਤਵੇਂ ਦੌਰ ਦੀ ਵਾਰਤਾ ਹੋਵੇਗੀ। ਚੰਡੀਗੜ੍ਹ ਦੇ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਵਿੱਚ ਸਵੇਰੇ 11 ਵਜੇ ਹੋਣ ਵਾਲੀ ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਪੰਜਾਬ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਵੀ ਸ਼ਾਮਿਲ ਹੋਣਗੇ।
ਦੂਜੇ ਪਾਸੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ (KMM) ਦੇ ਸੰਯੋਜਕ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ 28 ਕਿਸਾਨ ਆਗੂ ਮੀਟਿੰਗ ਵਿੱਚ ਪਹੁੰਚਣਗੇ।
ਕਿਸਾਨਾਂ ਨੂੰ ਉਮੀਦ ਅੱਜ ਕੇਂਦਰ ਸਰਕਾਰ ਮਸਲੇ ਕਰੇਗੀ ਹੱਲ
ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਉਮੀਦ ਹੈ ਕਿ ਕੇਂਦਰ ਸਰਕਾਰ ਅੱਜ ਸਾਡੀਆਂ ਮੰਗਾਂ ਦਾ ਹੱਲ ਕੱਢੇਗੀ। ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਲੱਗੇ ਬੈਰੀਕੇਡ ਹਟਾਏ ਜਾਣ। ਇਸ ਨਾਲ ਟਰਾਂਸਪੋਰਟਰਾਂ, ਵਪਾਰੀ ਤੇ ਸਥਾਨਕ ਲੋਕਾਂ ਨੂੰ ਰਹਤ ਮਿਲੇ। ਬੈਰੀਕੇਡਿੰਗ ਕਰਕੇ ਉੱਤਰੀ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚ ਰਿਹਾ ਹੈ। ਸਾਡੀ 21 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਦੇ ਵਿਧਾਇਕਾਂ ਦੇ ਘਰ ਜਾ ਕੇ ਮੰਗ ਪੱਤਰ ਦੇਣ ਦੀ ਯੋਜਨਾ ਹੈ। ਉਨ੍ਹਾਂ ਨੂੰ ਖਸਤਾਹਾਲ ਲਿੰਕ ਸੜਕਾਂ ਦੀ ਮੁਰੰਮਤ ਲਈ ਕਿਹਾ ਜਾਵੇਗਾ। ਵਾਰਤਾ ਵਿੱਚ ਵੀ ਅਸੀਂ ਇਹ ਮਸਲਾ ਚੁੱਕਾਂਗੇ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 113 ਦਿਨਾਂ ਤੋਂ ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਹੋਏ ਹਨ। 14 ਅਤੇ 22 ਫਰਵਰੀ ਨੂੰ ਹੋਈਆਂ ਪਿਛਲੀਆਂ ਦੋਨਾਂ ਮੀਟਿੰਗਾਂ ਵਿੱਚ ਡੱਲੇਵਾਲ ਐਂਬੂਲੈਂਸ ਰਾਹੀਂ ਚੰਡੀਗੜ੍ਹ ਵਿਖੇ ਹੋਈਆਂ ਬੈਠਕਾਂ ਵਿੱਚ ਸ਼ਾਮਿਲ ਹੋਏ ਸਨ। ਅੱਜ ਵੀ ਉਹ ਖਨੌਰੀ ਬਾਰਡਰ ਤੋਂ ਐਂਬੂਲੈਂਸ ਰਾਹੀਂ ਮੀਟਿੰਗ ਲਈ ਜਾ ਰਹੇ ਹਨ। ਪਿਛਲੀ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਡੱਲੇਵਾਲ ਦੀ ਸਿਹਤ ਬਾਰੇ ਪੁੱਛਗਿੱਛ ਕੀਤੀ ਸੀ।