ਕਰੀਬ 100 ਕਰੋੜ ਦੀ ਠੱਗੀ ਮਾਰਨ ਤੋਂ ਬਾਅਦ ਇਕ ਔਰਤ ਸ਼ਹਿਰ ਹੀ ਨਹੀਂ ਦੇਸ਼ ਛੱਡ ਕੇ ਫਰਾਰ ਹੋ ਗਈ। ਇਹ ਔਰਤ ਕੋਈ ਹੋਰ ਨਹੀਂ ਸਗੋਂ ਕ੍ਰਿਸਪੀ ਖਹਿਰਾ ਹੈ ਜਿਸ ਨੇ ਆਪਣੇ ਪਤੀ ਦਵਿੰਦਰ ਸਿੰਘ ਗਿੱਲ ਉਰਫ ਥਾਪਾ ਨਾਲ ਮਿਲ ਕੇ ਸੈਂਕੜੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗਿਆ ਹੈ। ਦੱਸਣਯੋਗ ਹੈ ਕਿ ਕ੍ਰਿਸਪੀ ਅਤੇ ਉਸਦੇ ਪਤੀ ਦਵਿੰਦਰ ਗਿੱਲ ਉਰਫ ਥਾਪਾ ਖਿਲਾਫ ਦਰਜਨਾਂ ਐੱਫ.ਆਈ.ਆਰ. ਦਰਜ ਹਨ। ਪਤੀ ਦਵਿੰਦਰ ਪਹਿਲਾਂ ਹੀ ਰੋਪੜ ਜੇਲ੍ਹ ‘ਚ ਹੈ, ਜਦਕਿ ਪਤਨੀ 100 ਕਰੋੜ ਲੈ ਕੇ ਕੈਨੇਡਾ ਭੱਜ ਗਈ ਹੈ।
ਸੀਬੀਆਈ ਅਤੇ ਕ੍ਰਿਸਪੀ ਖਹਿਰਾ ਸਮੇਤ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ
ਐਡਵੋਕੇਟ ਅਰਨਬ ਘਈ ਨੇ ਦੱਸਿਆ ਕਿ ਇਸ ਧੋਖਾਧੜੀ ਮਾਮਲੇ ‘ਚ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੀਬੀਆਈ ਅਤੇ ਕ੍ਰਿਸਪੀ ਖਹਿਰਾ ਸਮੇਤ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ‘ਤੇ ਜਵਾਬ ਮੰਗਿਆ ਹੈ। ਮਨਪ੍ਰੀਤ ਸਿੰਘ ਜੋ ਕਿ ਐਡਵੋਕੇਟ ਘਈ ਦੇ ਕਲਾਇੰਟ ਨੇ ਅਤੇ ਜਿਨ੍ਹਾਂ ਨਾਲ 4 ਲੱਖ ਰੁਪਏ ਦੀ ਧੋਖਾਧੜੀ ਹੋਈ ਹੈ, ਉਨ੍ਹਾਂ ਵੱਲੋਂ ਇਹ ਸ਼ਿਕਾਇਤ ਅਦਾਲਤ ‘ਚ ਦਾਖ਼ਲ ਕੀਤੀ ਗਈ ਹੈ। ਐਡਵੋਕੇਟ ਘਈ ਨੇ ਹਾਈਕੋਰਟ ਨੂੰ ਦੱਸਿਆ ਕਿ ਕ੍ਰਿਸਪੀ ਖਹਿਰਾ ਇੱਕ ਹੋਰ ਕੇਸ ਵਿੱਚ ਗਵਾਹ ਹੈ ਅਤੇ ਇਸ ਕੇਸ ਦੀ ਸੀਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਕੈਨੇਡਾ ਵਿੱਚ ਭਾਰਤੀ ਸਫ਼ਾਰਤਖਾਨੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਉਸ ਕੇਸ ਦੀ ਜਾਂਚ ਵਿੱਚ ਸ਼ਾਮਲ ਹੁੰਦੀ ਹੈ।
ਮੁਲਜ਼ਮ ਨੂੰ ਭਾਰਤੀ ਦੂਤਾਵਾਸ ਵਿੱਚ ਕੀਤਾ ਜਾ ਸਕਦਾ ਗ੍ਰਿਫਤਾਰ
ਉਨ੍ਹਾਂ ਅੱਗੇ ਦੱਸਿਆ ਕਿ ਅੰਤਰਰਾਸ਼ਟਰੀ ਕਾਨੂੰਨ ਤਹਿਤ ਭਾਰਤੀ ਅੰਬੈਸੀ ਕੈਨੇਡਾ ਵਿੱਚ ਭਾਰਤ ਦਾ ਇਲਾਕਾ ਹੈ, ਮੁਲਜ਼ਮ ਨੂੰ ਭਾਰਤੀ ਦੂਤਾਵਾਸ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਅਦਾਲਤ ਦਾ ਕਹਿਣਾ ਕਿ ਮੁਲਜ਼ਮ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਕਿਵੇਂ ਉਹ ਭੱਜਣ ਵਿੱਚ ਕਾਮਯਾਬ ਰਹੀ। ਦੱਸ ਦੇਈਏ ਕਿ ਵੱਖ ਵੱਖ ਮਾਮਲਿਆਂ ਤਹਿਤ ਮੁਲਜ਼ਮਾਂ ਖ਼ਿਲਾਫ਼ 39 FIR ਦਰਜ ਹਨ। ਅਜਿਹੇ ਹੋਰ ਸਵਾਲਾਂ ਦੇ ਜਵਾਬ ਲਈ ਹੁਣ ਅਦਾਲਤ ਨੇ ਕੇਂਦਰ ਅਤੇ ਸੀਬੀਆਈ ਨੂੰ ਜਵਾਬ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤਾ ਹੈ।