ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ ਦੇ ਇੱਕ ਗਿਆਰਵੀਂ ਸ਼੍ਰੇਣੀ ਦੇ ਵਿਦਿਆਰਥੀ ਦਾ ਕਤਲ ਕਰਕੇ ਉਸਦੀ ਲਾਸ਼ ਨਹਿਰ ‘ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਉਸਦੇ ਦੋਸਤਾਂ ‘ਤੇ ਹੀ ਕਥਿਤ ਦੋਸ਼ ਲਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨੌਜਵਾਨ ਦੀ ਲਾਸ਼ ਨਹਿਰ ‘ਚੋਂ ਮਿਲ ਗਈ ਹੈ।
ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ ਦੇ ਇਕ 18 ਸਾਲ ਦੇ ਨੌਜਵਾਨ ਦਾ ਉਸਦੇ ਸਾਥੀਆਂ ਵੱਲੋਂ ਹੀ ਮਾਮੂਲੀ ਗੱਲ ਤੋਂ ਕਤਲ ਕਰਕੇ ਉਸਦੀ ਲਾਸ਼ ਨਹਿਰ ਵਿਚ ਸੁੱਟ ਦਿੱਤੀ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਬੀਤੇ ਸ਼ੁੱਕਰਵਾਰ ਇਹ ਨੌਜਵਾਨ ਮੰਗਤ ਸ਼ਾਮ ਸਮੇਂ ਆਪਣੇ ਮਿੱਤਰਾਂ ਨਾਲ ਗਿਆ ਪਰ ਵਾਪਿਸ ਨਹੀਂ ਆਇਆ। ਇਸ ਸਬੰਧੀ ਪਰਿਵਾਰਕ ਮੈਂਬਰ ਭਾਲ ਕਰਦੇ ਰਹੇ ਪਰ ਉਹ ਨਹੀਂ ਮਿਲਿਆ। ਇਸਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ।
ਪੁਲਿਸ ਵੱਲੋਂ ਆਪਣੇ ਪੱਧਰ ‘ਤੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਮ੍ਰਿਤਕ ਮੰਗਤ ਸਿੰਘ ਦੀ ਲਾਸ਼ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਰਾਜ ਵਾਲਾ ਵਿਖੇ ਰਾਜਸਥਾਨ ਨਹਿਰ ‘ਚੋਂ ਮਿਲੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੰਗਤ 11 ਵੀਂ ਸ਼੍ਰੇਣੀ ਦਾ ਵਿਦਿਆਰਥੀ ਸੀ ਅਤੇ ਇਸਦੇ ਹਮ ਜਮਾਤੀ ਅਤੇ ਹੋਰ ਦੋਸਤਾਂ ਨੇ ਮਾਮੂਲੀ ਗੱਲ ਨੂੰ ਲੈ ਇਸਦਾ ਕਤਲ ਕਰ ਦਿੱਤਾ। ਕਤਲ ਥਾਂਦੇਵਾਲਾ ਅਤੇ ਭੁੱਲਰ ਵਿਚਕਾਰਲੇ ਰਾਹ ਤੇ ਨਹਿਰ ਕਿਨਾਰੇ ਕਰਕੇ ਇਸਦੀ ਲਾਸ਼ ਨਹਿਰ ‘ਚ ਸੁੱਟ ਦਿੱਤੀ ਗਈ। ਉਧਰ ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਦਾ ਬਹੁਤ ਬੁਰੀ ਤਰ੍ਹਾਂ ਕਤਲ ਕੀਤਾ ਗਿਆ। ਉਹਨਾਂ ਇਨਸਾਫ ਦੀ ਮੰਗ ਕੀਤੀ ਹੈ।