ਕਪੂਰਥਲਾ ਦੇ ਨਕੋਦਰ ਰੋਡ ‘ਤੇ ਕਾਲਾ ਸੰਘਿਆ ਇਲਾਕੇ ‘ਚ ਇੱਕ ਭਿਆਨ ਸੜਕ ਹਾਦਸਾ ਵਾਪਰਿਆ। ਇੱਥੇ ਜਲੰਧਰ ਤੋਂ ਆ ਰਹੇ ਬਾਈਕ ਸਵਾਰ ਦੋ ਨੌਜਵਾਨਾਂ ਦੀ ਦੂਜੀ ਦਿਸ਼ਾ ਤੋਂ ਆ ਰਹੇ ਬਾਈਕ ਨਾਲ ਟੱਕਰ ਹੋ ਗਈ। ਜਿਸ ਕਾਰਨ ਬਾਈਕ ਦੇ ਪਿੱਛੇ ਬੈਠਾ ਨੌਜਵਾਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ ‘ਤੇ ਡਿੱਗ ਗਿਆ। ਇਸ ਦੌਰਾਨ ਪਿੱਛੇ ਤੋਂ ਆ ਰਹੀ ਟਰੈਕਟਰ-ਟਰਾਲੀ ਉਸ ਨੌਜਵਾਨ ਦੇ ਸਿਰ ਤੋਂ ਲੰਘ ਗਈ। ਜਿਸ ਤੋਂ ਬਾਅਦ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਪਾਰਸ ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਮੇਘਾ ਮਾੜੀ ਭਿੱਖੀਵਿੰਡ ਤਰਨਤਾਰਨ ਵਜੋਂ ਹੋਈ ਹੈ ਅਤੇ ਬਾਈਕ ਚਾਲਕ ਦੀ ਪਛਾਣ ਜਗਰੂਪ ਸਿੰਘ ਵਾਸੀ ਪਿੰਡ ਅਮਰਪੁਰਾ ਭਿੱਖੀਵਿੰਡ ਤਰਨਤਾਰਨ ਵਜੋਂ ਹੋਈ ਹੈ। ਚੌਕੀ ਇੰਚਾਰਜ ਸਰਬਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਜਲੰਧਰ ਤੋਂ ਕਾਲਾ ਸੰਘਿਆ ਦੇ ਰਸਤੇ ਤਰਨਤਾਰਨ ਸਥਿਤ ਆਪਣੇ ਘਰ ਨੂੰ ਜਾ ਰਹੇ ਸਨ। ਜਦੋਂ ਉਹ ਕਾਲਾ ਸੰਘਿਆ ਮੇਨ ਬਜ਼ਾਰ ਕੋਲ ਪਹੁੰਚੇ ਤਾਂ ਹਾਦਸੇ ਦਾ ਸ਼ਿਕਾਰ ਹੋ ਗਏ। ਟਰੈਕਟਰ-ਟਰਾਲੀ ਦਾ ਟਾਇਰ ਪਿੱਛੇ ਬੈਠੇ ਨੌਜਵਾਨ ਦੇ ਸਿਰ ਤੋਂ ਲੰਘ ਗਿਆ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਬਾਈਕ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਸਰਬਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾਵੇਗੀ ਤਾਂ ਜੋ ਹਾਦਸਾ ਕਿਵੇਂ ਵਾਪਰਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਨੂੰ ਮੋਬਾਈਲ ਫੋਨ ’ਤੇ ਸੂਚਨਾ ਦੇ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਬਿਆਨ ਦਰਜ ਕੀਤੇ ਜਾਣਗੇ। ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ।