ਕਪੂਰਥਲਾ ਦੇ ਫਗਵਾੜਾ-ਹੁਸ਼ਿਆਰਪੁਰ ਹਾਈਵੇਅ ‘ਤੇ ਸਥਿਤ ਐਚਡੀਐਫਸੀ ਬੈਂਕ ਤੋਂ 3 ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ 40 ਲੱਖ ਰੁਪਏ ਲੁੱਟ ਲਏ। 3 ਲੁਟੇਰੇ ਇੱਕ ਕਾਰ ਵਿੱਚ ਬੈਂਕ ਵਿੱਚ ਆਏ। ਜਿਵੇਂ ਹੀ ਉਹ ਪਹੁੰਚੇ, ਲੁਟੇਰਿਆਂ ਨੇ ਬੈਂਕ ਕਰਮਚਾਰੀਆਂ ‘ਤੇ ਪਿਸਤੌਲ ਤਾਣ ਦਿੱਤੀ। ਥੋੜ੍ਹੀ ਦੇਰ ਵਿੱਚ ਇੱਕ ਲੁਟੇਰੇ ਨੇ ਬੈਂਕ ਕਰਮਚਾਰੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਉਸਨੂੰ ਲਾਕਰ ਵਿੱਚੋਂ ਪੈਸੇ ਕੱਢਣ ਲਈ ਕਿਹਾ।
ਪੁਲਿਸ ਬੈਂਕ ਕਰਮਚਾਰੀਆਂ ਤੋਂ ਲਵੇਗੀ ਡਿਟੇਲ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪੁਲਿਸ ਬੈਂਕ ਕਰਮਚਾਰੀਆਂ ਤੋਂ ਇਸ ਬਾਰੇ ਪੂਰੀ ਪੁੱਛਗਿੱਛ ਕਰੇਗੀ ਕਿ ਲੁਟੇਰਿਆਂ ਨੇ ਕਿੰਨੀ ਰਕਮ ਲੁੱਟੀ ਹੈ। ਡਕੈਤੀ ਤੋਂ ਤੁਰੰਤ ਬਾਅਦ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਮੌਕੇ ‘ਤੇ ਪਹੁੰਚ ਗਈ। ਐਸਪੀ ਭੱਟੀ ਨੇ ਕਿਹਾ ਕਿ ਡਕੈਤੀ ਬਾਰੇ ਜਾਣਕਾਰੀ ਮਿਲ ਗਈ ਹੈ। ਪੁਲਿਸ ਨੇ ਮੌਕੇ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 3 ਲੁਟੇਰੇ ਇੱਕ ਕਾਰ ਵਿੱਚ ਆਏ ਸਨ ਅਤੇ ਉਨ੍ਹਾਂ ਕੋਲ ਬੰਦੂਕਾਂ ਸਨ। ਉਨ੍ਹਾਂ ਕਿਹਾ ਕਿ ਬੈਂਕ ਕਰਮਚਾਰੀ ਅਜੇ ਲੁੱਟ ਦੀ ਰਕਮ ਸਪੱਸ਼ਟ ਨਹੀਂ ਦੱਸ ਰਹੇ ਹਨ, ਜਿਵੇਂ ਹੀ ਇਸ ਬਾਰੇ ਕਲੀਅਰ ਹੋਵੇਗਾ ਤਾਂ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਪੁਲਿਸ ਬੈਂਕ ਅਤੇ ਆਲੇ-ਦੁਆਲੇ ਦੀਆਂ ਸੜਕਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਕਰ ਰਹੀ ਜਾਂਚ
ਤੁਹਾਨੂੰ ਦੱਸ ਦਈਏ ਕਿ ਪੁਲਿਸ ਬੈਂਕ ਅਤੇ ਆਲੇ-ਦੁਆਲੇ ਦੀਆਂ ਸੜਕਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਅਪਰਾਧੀਆਂ ਦਾ ਪਤਾ ਲਗਾਇਆ ਜਾ ਸਕੇ। ਕਿਉਂਕਿ ਮਾਮਲਾ ਸ਼ੱਕੀ ਹੈ, ਇਸ ਲਈ ਪੁਲਿਸ ਬੈਂਕ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਇਲਾਕੇ ਤੋਂ ਮੋਬਾਈਲ ਡੰਪ ਚੁੱਕ ਕੇ ਪਤਾ ਲਾਇਆ ਜਾਵੇਗਾ ਕਿ ਘਟਨਾ ਵੇਲੇ ਕਿਹੜੇ-ਕਿਹੜੇ ਮੋਬਾਈਲ ਨੰਬਰ ਐਕਟਿਵ ਸਨ।