Sri muktsar sahib: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਦਰਵਾਲਾ ਵਿਖੇ ਕਿਸਾਨਾਂ ਨਾਲ ਮੀਟਿੰਗ ਕਰਨ ਦੇ ਲਈ ਬੀਕੇਯੂ ਸਿਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕੀਤਾ।
ਉੱਥੇ ਹੀ ਚੱਲ ਰਹੇ ਅੰਦੋਲਨ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨ ਇਕਾਈਆਂ ਨੂੰ ਵੱਧ ਤੋਂ ਵੱਧ ਹਰਿਆਣਾ ਦੇ ਬਾਡਰਾ ‘ਤੇ ਇੱਕਠੇ ਹੋਣ ਦੀ ਅਪੀਲ ਕੀਤੀ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਵਲੋਂ ਜਿਹੜੇ ਕਿਸਾਨਾਂ ਦੇ ਟਰੈਕਟਰ ਆਦਿ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੇ ਟਰੈਕਟਰ ਉਨ੍ਹਾਂ ਨੂੰ ਠੀਕ ਕਰਵਾ ਕੇ ਕਿਸਾਨਾਂ ਨੂੰ ਵਾਪਸ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਜਦੋਂ ਪਿੰਡਾਂ ਵਿਚ ਬੀਜੇਪੀ ਵਾਲੇ ਵੋਟਾਂ ਮੰਗਣ ਲਈ ਆਉਣਗੇ ਤਾਂ ਪਹਿਲਾ ਸ਼ਾਂਤਮਈ ਢੰਗ ਨਾਲ ਤਿੱਖੇ ਸਵਾਲਾਂ ਦੇ ਜਵਾਬ ਮਿਲ ਜਾਣਗੇ।ਜੇਕਰ ਉਹ ਸਾਡੇ ਸਵਾਲਾਂ ਦੇ ਸਹੀ ਜਵਾਬ ਦੇਣਗੇ ਫਿਰ ਉਸ ਉੱਤੇ ਵਿਚਾਰ ਕੀਤਾ ਜਾਵੇਗਾ। ਜੇਕਰ ਸਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ ਆਨਾ-ਕੰਨੀ ਕਰਨਗੇ ਜਾਂ ਸਾਡੇ ਸਵਾਲ ਦੇ ਜਵਾਬ ਦੇਣ ਤੋਂ ਭੱਜਣਗੇ ਤਾ ਫਿਰ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।
ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਵਲੋਂ ਆਪਣੇ ਪਿੰਡਾਂ ਵਿਚ ਬੀਜੇਪੀ ਦੇ ਲੀਡਰਾਂ ਦੇ ਬਾਈਕਾਟ ਦਾ ਪੋਸਟਰ ਬਣਾ ਕੇ ਉਸ ਉੱਤੇ ਸ਼ੁਭਕਰਨ ਸਿੰਘ ਦੀ ਫੋਟੋ ਲਗਾਕੇ ਉੱਪਰ ਇਕ ਸਲੋਗਨ ਇਹ ਲਿਖਿਆ ਜਾਵੇਗਾ ਕਿ ਸ਼ੁਭਕਰਨ ਦਾ ਕੀ ਕਸੂਰ ਸੀ, ਜਿਹੜੇ ਉਸ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਹੈ। ਉਹ ਵੀ ਤਾਂ ਹੋਰ ਕਿਸਾਨਾਂ ਦੀ ਤਰ੍ਹਾਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਲਈ ਇਨਸਾਫ਼ ਲੈਣ ਲਈ ਦਿੱਲੀ ਜਾ ਰਿਹਾ ਸੀ|