ਜ਼ਿਆਦਾ ਮੋਬਾਈਲ ਵਰਤਣ ਵਾਲੇ ਹੋ ਰਹੇ ਦਿਮਾਗ ਦੇ ਕੈਂਸਰ ਦਾ ਸ਼ਿਕਾਰ? ਵਿਗਿਆਨੀਆਂ ਨੇ ਕੀਤਾ ਵੱਡਾ

0
491
ਜ਼ਿਆਦਾ ਮੋਬਾਈਲ ਵਰਤਣ ਵਾਲੇ ਹੋ ਰਹੇ ਦਿਮਾਗ ਦੇ ਕੈਂਸਰ ਦਾ ਸ਼ਿਕਾਰ? ਵਿਗਿਆਨੀਆਂ ਨੇ ਕੀਤਾ ਵੱਡਾ

 

ਦਿਮਾਗ ਅਤੇ ਸਿਰ ਦੇ ਕੈਂਸਰ ਨਾਲ ਜੁੜੇ ਮੋਬਾਈਲ ਫੋਨ: ਮੋਬਾਈਲ ਫੋਨ ਮਨੁੱਖ ਦੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾ ਰਹੇ ਹਨ, ਇਸ ਬਾਰੇ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਮੋਬਾਈਲ ਫ਼ੋਨ ‘ਤੇ ਜ਼ਿਆਦਾ ਸਮਾਂ ਬਿਤਾਉਣ ਲੱਗੇ ਹਨ, ਜਿਸ ਨਾਲ ਸਕਰੀਨ ਟਾਈਮ ਵੱਧ ਗਿਆ ਹੈ। ਅਧਿਐਨ ਨੇ ਦਿਖਾਇਆ ਹੈ ਕਿ ਵਧਿਆ ਸਕ੍ਰੀਨ ਟਾਈਮ ਕਈ ਤਰੀਕਿਆਂ ਨਾਲ ਸਿਹਤ ਲਈ ਹਾਨੀਕਾਰਕ ਹੈ।

ਕੁਝ ਰਿਪੋਰਟਾਂ ਵਿੱਚ ਇਹ ਚਿੰਤਾ ਵੀ ਪ੍ਰਗਟਾਈ ਗਈ ਹੈ ਕਿ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਤੇ ਅਕਸਰ ਕੰਨ ਉਪਰ ਫੋਨ ਲਾ ਕੇ ਲੰਬਾ ਸਮਾਂ ਗੱਲ ਕਰਨ ਨਾਲ ਦਿਮਾਗ ਦੇ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਕੀ ਵਾਕਿਆ ਹੀ ਮੋਬਾਈਲ ਫੋਨ ਅਸਲ ਵਿੱਚ ਦਿਮਾਗ ਦੇ ਕੈਂਸਰ ਦੇ ਜੋਖਮ ਨੂੰ ਵਧਾ ਰਹੇ ਹਨ।

ਵਿਸ਼ਵ ਸਿਹਤ ਸੰਗਠਨ ਦੇ ਖੋਜਕਰਤਾਵਾਂ ਨੇ ਅਧਿਐਨ ਦੀ ਵਿਆਪਕ ਸਮੀਖਿਆ ਦੇ ਆਧਾਰ ‘ਤੇ ਰਾਹਤ ਦੀ ਖਬਰ ਦਿੱਤੀ ਹੈ। ਮਾਹਿਰਾਂ ਨੇ ਕਿਹਾ ਕਿ ਮੋਬਾਈਲ ਫੋਨ ਦਿਮਾਗ ਜਾਂ ਸਿਰ ਦੇ ਕੈਂਸਰ ਦਾ ਖਤਰਾ ਨਹੀਂ ਵਧਾਉਂਦੇ। ਬੇਸ਼ੱਕ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨੂੰ ਸਮੁੱਚੀ ਸਿਹਤ ‘ਤੇ ਹਾਨੀਕਾਰਕ ਪ੍ਰਭਾਵ ਮੰਨਿਆ ਗਿਆ ਹੈ ਪਰ ਇਸ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਕੈਂਸਰ ਦਾ ਖਤਰਾ ਨਹੀਂ ਵਧਦਾ।

5,000 ਤੋਂ ਵੱਧ ਅਧਿਐਨਾਂ ਦੀ ਸਮੀਖਿਆ: ਇਸ ਅਧਿਐਨ ਦੀ ਅਗਵਾਈ ਆਸਟ੍ਰੇਲੀਅਨ ਰੇਡੀਏਸ਼ਨ ਪ੍ਰੋਟੈਕਸ਼ਨ ਐਂਡ ਨਿਊਕਲੀਅਰ ਸੇਫਟੀ ਏਜੰਸੀ (ARPANSA) ਨੇ ਕੀਤੀ ਹੈ। ਇਸ ਲਈ ਖੋਜਕਰਤਾਵਾਂ ਨੇ ਮੋਬਾਈਲ ਫੋਨ ‘ਤੇ ਕੀਤੇ ਗਏ 5,000 ਤੋਂ ਵੱਧ ਅਧਿਐਨਾਂ ਤੇ ਇਸ ਦੇ ਮਾੜੇ ਪ੍ਰਭਾਵਾਂ ਦੀ ਜਾਂਚ ਕੀਤੀ। ਅੰਤਮ ਵਿਸ਼ਲੇਸ਼ਣ ਵਿੱਚ 1994 ਤੇ 2022 ਦੇ ਵਿਚਕਾਰ ਮਨੁੱਖਾਂ ਵਿੱਚ ਮੋਬਾਈਲ ਫੋਨ ਦੇ ਮਾੜੇ ਪ੍ਰਭਾਵਾਂ ਦੇ 63 ਨਿਰੀਖਣ ਅਧਿਐਨ ਸ਼ਾਮਲ ਸਨ।

ARPANSA ਦੇ ਵਿਗਿਆਨੀ ਤੇ ਸਮੀਖਿਆ ਦੇ ਪ੍ਰਮੁੱਖ ਲੇਖਕ ਪ੍ਰੋਫੈਸਰ ਕੇਨ ਕਰੀਪੀਡਿਸ ਕਹਿੰਦੇ ਹਨ, ਕਈ ਪੱਧਰਾਂ ‘ਤੇ ਕੀਤੀ ਗਈ ਜਾਂਚ ਦੇ ਅਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਮੋਬਾਈਲ ਫੋਨ ਦੇ ਦਿਮਾਗ ਦੇ ਕੈਂਸਰ ਦਾ ਕਾਰਨ ਬਣਨ ਦੇ ਦਾਅਵਿਆਂ ਵਿੱਚ ਕੋਈ ਪ੍ਰਮਾਣਿਕਤਾ ਨਹੀਂ ਹੈ।

ਮੋਬਾਈਲ ਤੇ ਕੈਂਸਰ ਵਿਚਕਾਰ ਅਧਿਐਨ: ਇਸ ਅਧਿਐਨ ਵਿੱਚ ਲੰਬੇ ਸਮੇਂ ਤੱਕ ਮੋਬਾਈਲ ਦੀ ਵਰਤੋਂ (10 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ) ਦੇ ਕਾਰਨ ਕੇਂਦਰੀ ਨਸ ਪ੍ਰਣਾਲੀ (ਦਿਮਾਗ, ਮੇਨਿੰਜਸ, ਪਿਟਿਊਟਰੀ ਗਲੈਂਡ ਤੇ ਕੰਨ ਸਮੇਤ) ਦੇ ਕੈਂਸਰਾਂ, ਲਾਰ ਗਲੈਂਡ ਟਿਊਮਰ ਤੇ ਬ੍ਰੇਨ ਟਿਊਮਰ ਉਪਰ ਧਿਆਨ ਦਿੱਤਾ ਗਿਆ ਹੈ। ਪ੍ਰੋਫ਼ੈਸਰ ਕਰੀਪੀਡਿਸ ਕਹਿੰਦੇ ਹਨ, ਕਿਉਂਕਿ ਅਸੀਂ ਕਾਲ ਕਰਦੇ ਸਮੇਂ ਮੋਬਾਈਲ ਫ਼ੋਨ ਨੂੰ ਸਿਰ ਦੇ ਕੋਲ ਰੱਖਦੇ ਹਾਂ, ਇਸ ਲਈ ਅਕਸਰ ਇਹ ਚਿੰਤਾ ਰਹੀ ਹੈ ਕਿ ਫ਼ੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਦਿਮਾਗ਼ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ।

ਮੋਬਾਈਲ ਫੋਨ ਤੇ ਕੈਂਸਰ ਦੇ ਵਿਚਕਾਰ ਸਬੰਧ ਦੇ ਸ਼ੁਰੂਆਤੀ ਅਧਿਐਨਾਂ ਨੇ ਇਸ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਸੀ। ਇਸ ਨੂੰ ਹੋਰ ਵਿਸਤ੍ਰਿਤ ਰੂਪ ਵਿੱਚ ਸਮਝਣ ਲਈ, ਵਿਗਿਆਨੀਆਂ ਨੇ ਇਸ ਵਾਰ ਬ੍ਰੇਨ ਟਿਊਮਰ ਵਾਲੇ ਲੋਕਾਂ ਤੇ ਕੈਂਸਰ ਤੋਂ ਰਹਿਤ ਲੋਕਾਂ ਦੇ ਸਮੂਹ ਵਿਚਕਾਰ ਜੋਖਮਾਂ ਦੀ ਜਾਂਚ ਕੀਤੀ। ਇਸ ਆਧਾਰ ‘ਤੇ ਮਾਹਿਰਾਂ ਦਾ ਕਹਿਣਾ ਹੈ ਕਿ ਅਸੀਂ ਇਸ ਸਿੱਟੇ ‘ਤੇ ਪੂਰਾ ਭਰੋਸਾ ਹੈ। ਬੇਸ਼ੱਕ ਮੋਬਾਈਲ ਫ਼ੋਨ ਦੀ ਵਰਤੋਂ ਵਧੀ ਹੈ ਪਰ ਬ੍ਰੇਨ ਟਿਊਮਰ ਦੀ ਦਰ ਸਥਿਰ ਬਣੀ ਹੋਈ ਹੈ।

ਖੋਜਕਰਤਾ ਕੀ ਕਹਿੰਦੇ?

ਸਿਡਨੀ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਵਾਤਾਵਰਣ ਕੈਂਸਰ ਕਮੇਟੀ ਦੇ ਚੇਅਰਮੈਨ ਟਿਮ ਡਰਿਸਕੋਲ ਕਹਿੰਦੇ ਹਨ ਕਿ “ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਸ ਅਧਿਐਨ ਉਪਰ ਭਰੋਸਾ ਹੋਣਾ ਚਾਹੀਦਾ ਹੈ। ਹਾਲਾਂਕਿ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਧਿਐਨ ਸੰਪੂਰਨ ਨਹੀਂ ਤੇ ਮੋਬਾਈਲ ਫੋਨਾਂ ਦੀ ਬਹੁਤ ਜ਼ਿਆਦਾ ਵਰਤੋਂ ਦੇ ਸਿਹਤ ਉਪਰ ਹੋਰ ਬਹੁਤ ਸਾਰੇ ਪ੍ਰਭਾਵ ਪੈਂਦੇ ਹਨ।”

ਪ੍ਰੋਫ਼ੈਸਰ ਕਰੀਪੀਡਿਸ ਨੇ ਕਿਹਾ ਕਿ ਹਾਲਾਂਕਿ ਮੋਬਾਈਲ ਫ਼ੋਨ ਕਾਰਨ ਪੁਰਸ਼ਾਂ ਤੇ ਔਰਤਾਂ ਦੀ ਜਣਨ ਸ਼ਕਤੀ ‘ਤੇ ਕੋਈ ਅਸਰ ਪੈਣ ਦੇ ਕੋਈ ਸੰਕੇਤ ਨਹੀਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੋਬਾਈਲ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਦੇ ਸਰੀਰਕ ਤੇ ਮਾਨਸਿਕ ਮਾੜੇ ਪ੍ਰਭਾਵਾਂ ਬਾਰੇ ਹਰ ਕਿਸੇ ਲਈ ਸਾਵਧਾਨ ਰਹਿਣਾ ਜ਼ਰੂਰੀ ਹੈ। ਇਸ ਨੂੰ ਸਮਝਣ ਲਈ ਅਗਲੇ ਪੱਧਰ ਦਾ ਅਧਿਐਨ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here