ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ! ਖੇਤੀ ਖੇਤਰ ਨੂੰ ਮਿਲੇਗੀ 8 ਘੰਟੇ ਰੋਜ਼ਾਨਾ ਬਿਜਲੀ, ਪੰਜਾਬ ਨੂੰ ਤਿੰਨ ਜ਼ੋਨਾਂ ‘ਚ

0
358

ਖੇਤੀਬਾੜੀ ਪੱਖ ਤੋਂ ਪੰਜਾਬ ਦੇ ਲਈ ਅੱਜ ਦਿਨ ਯਾਨੀਕਿ 1 ਜੂਨ ਕਾਫੀ ਅਹਿਮ ਹੈ। ਦੱਸ ਦਈਏ ਅੱਜ ਐਤਵਾਰ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ। ਇਸ ਬਾਰੇ ਸੂਬਾ ਸਰਕਾਰ ਤੇ ਬਿਜਲੀ ਵਿਭਾਗ ਨੇ ਤਿਆਰੀਆਂ ਕਰ ਲਈਆਂ ਹਨ।

ਇਸ ਵਾਰ ਪੰਜਾਬ ਵਿੱਚ ਝੋਨੇ ਦੀ ਲੁਆਈ ਪਿਛਲੇ ਵਰ੍ਹੇ ਨਾਲੋਂ 10 ਦਿਨ ਪਹਿਲਾਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਕਿਸਾਨਾਂ ਨੇ ਵੀ ਲੋੜੀਂਦੇ ਪ੍ਰਬੰਧ ਕਰ ਲਏ ਹਨ। ਹਾਲਾਂਕਿ ਸੂਬੇ ’ਚ ਝੋਨੇ ਦੀ ਸਿੱਧੀ ਬਿਜਾਈ ਦਾ ਅਮਲ 15 ਮਈ ਤੋਂ ਸ਼ੁਰੂ ਹੋ ਚੁੱਕਿਆ ਹੈ, ਜੋ 31 ਜੁਲਾਈ ਤੱਕ ਚੱਲੇਗਾ। ਜੇਕਰ ਪਿਛਲੇ ਸਾਲ ‘ਚ ਝਾਤ ਮਾਰੀਏ ਤਾਂ ਝੋਨੇ ਦੀ ਲੁਆਈ 11 ਜੂਨ ਤੋਂ ਸ਼ੁਰੂ ਹੋਈ ਸੀ।

ਲੁਆਈ ਲਈ ਪੰਜਾਬ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ

ਸੂਬਾ ਸਰਕਾਰ ਨੇ ਝੋਨੇ ਦੀ ਲੁਆਈ ਲਈ ਪੰਜਾਬ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਹੈ ਤੇ ਇਸ ਦੀ ਸ਼ੁਰੂਆਤ ਸਰਹੱਦੀ ਤੇ ਨਹਿਰੀ ਸਿੰਜਾਈ ਵਾਲੇ ਖੇਤਰਾਂ ਤੋਂ ਕੀਤੀ ਜਾਵੇਗੀ। ਇਸ ਲਈ 1 ਜੂਨ ਨੂੰ ਸਭ ਤੋਂ ਪਹਿਲਾਂ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ’ਚ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ।

ਇਸ ਮਗਰੋਂ 5 ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਅੰਮ੍ਰਿਤਸਰ, ਰੂਪਨਗਰ, ਐੱਸਏਐੱਸ ਨਗਰ (ਮੁਹਾਲੀ), ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿੱਚ ਜਦਕਿ ਆਖਰ ਵਿੱਚ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 9 ਜੂਨ ਤੋਂ ਲੁਆਈ ਦੀ ਸ਼ੁਰੂਆਤ ਹੋਏਗੀ।

ਬਿਨ੍ਹਾਂ ਕਿਸੇ ਦਿੱਕਤ ਤੋਂ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਮਿਲੇਗੀ

ਬਿਜਲੀ ਵਿਭਾਗ ਨੇ ਪੰਜਾਬ ਵਿੱਚ ਝੋਨੇ ਦੀ ਲੁਆਈ ਦੌਰਾਨ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਣ ਦਾ ਫ਼ੈਸਲਾ ਕੀਤਾ ਹੈ ਤੇ ਲੋੜ ਪੈਣ ’ਤੇ ਸਮਾਂ ਵਧਾਇਆ ਵੀ ਜਾ ਸਕਦਾ ਹੈ। ਇਸ ਵਾਰ ਪੈ ਰਹੀ ਅਤਿ ਦੀ ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾਉਣਾ ਪਾਵਰਕਾਮ ਲਈ ਇਮਤਿਹਾਨ ਦੀ ਘੜੀ ਹੋਏਗੀ। ਸੂਬੇ ’ਚ ਅੱਜ ਦੁਪਹਿਰ ਸਮੇਂ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਹੈ, ਜੋ ਕਿ ਬਾਅਦ ਦੁਪਹਿਰ ਮੌਸਮ ’ਚ ਆਈ ਤਬਦੀਲੀ ਕਾਰਨ ਘਟ ਕੇ 7 ਤੋਂ 8 ਹਜ਼ਾਰ ਮੈਗਾਵਾਟ ਰਹਿ ਗਈ ਹੈ।

ਹਾਲਾਂਕਿ ਅੱਜ ਪੰਜਾਬ ਵਿੱਚ ਸਥਿਤ ਤਿੰਨ ਸਰਕਾਰੀ ਤੇ ਦੋ ਨਿੱਜੀ ਥਰਮਲ ਪਲਾਂਟਾਂ ਦੇ ਸਾਰੇ 15 ਯੂਨਿਟ ਚੱਲ ਰਹੇ ਸਨ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਮਾਨਸੂਨ ਦੀ ਆਮਦ ਵੀ ਤੈਅ ਸਮੇਂ ਨਾਲੋਂ ਇਕ ਹਫ਼ਤਾ ਪਹਿਲਾਂ ਦੱਸੀ ਜਾ ਰਹੀ ਹੈ, ਜੋ ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈੈ। ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਲੁਆਈ ਦੌਰਾਨ ਕਿਸਾਨਾਂ ਨੂੰ ਜ਼ਮੀਨੀ ਪਾਣੀ ਦੀ ਥਾਂ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਪਏ ਮੀਂਹ ਨਾਲ ਵੀ ਕਿਸਾਨਾਂ ਨੂੰ ਫਾਇਦੇ ਮਿਲੇਗਾ।

ਸੂਬਾ ਸਰਕਾਰ ਨੂੰ ਝੋਨੇ ਦੀ ਲੁਆਈ ਦੌਰਾਨ ਪੰਜਾਬ ’ਚ ਪਿਛਲੇ ਵਰ੍ਹੇ ਨਾਲੋਂ ਬਿਜਲੀ ਦੀ ਮੰਗ ਵਧਣ ਦੀ ਉਮੀਦ ਹੈ, ਜਿਸ ਲਈ ਬਿਜਲੀ ਵਿਭਾਗ ਨੇ ‘ਪੀਕ ਟਾਈਮ’ ਦੌਰਾਨ 17 ਹਜ਼ਾਰ ਮੈਗਾਵਾਟ ਤੱਕ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਬਿਜਲੀ ਸਪਲਾਈ ’ਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਪਲਾਂਟਾਂ ਕੋਲ ਲਗਪਗ ਇੱਕ ਮਹੀਨੇ ਦਾ ਕੋਲਾ ਭੰਡਾਰ ਮੌਜੂਦ ਹੈ।

 

LEAVE A REPLY

Please enter your comment!
Please enter your name here