ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਟਰੇਨ ਨਾਲ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਟਰੇਨ ਨਾਲ ਟਕਰਾਉਣ ਕਾਰਨ ਟਰੈਕਟਰ ਟਰਾਲੀ ਦੇ ਪਰਖੱਚੇ ਉਡ ਗਏ। ਇਸ ਕਾਰਨ ਕਾਫੀ ਦੇਰ ਤੱਕ ਟਰੇਨ ਮੌਕੇ ‘ਤੇ ਹੀ ਖੜ੍ਹੀ ਰਹੀ। ਜਾਣਕਾਰੀ ਅਨੁਸਾਰ ਰੇਲਗੱਡੀ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਸੀ ਕਿ ਰਸਤੇ ‘ਚ ਕਠਾਰ-ਆਦਮਪੁਰ ‘ਤੇ ਰੇਲ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੈਕਟਰ-ਟਰਾਲੀ ਦੇ ਟੋਟੇ-ਟੋਟੇ ਹੋ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਜੀਆਰਪੀ ਪੁਲਿਸ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈ। ਟਰੇਨ ‘ਚ ਸਫਰ ਕਰ ਰਹੇ ਯਾਤਰੀਆਂ ਅਤੇ ਰਾਹਗੀਰਾਂ ਦੀ ਮਦਦ ਨਾਲ ਟਰਾਲੀ ਨੂੰ ਰੇਲਵੇ ਟਰੈਕ ਤੋਂ ਹਟਵਾਇਆ ਗਿਆ। ਟਰੈਕਟਰ-ਟਰਾਲੀ ਨੂੰ ਰੇਲਗੱਡੀ ਨੇ ਕਿਸ ਤਰ੍ਹਾਂ ਟੱਕਰ ਮਾਰੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਟਰੇਨ ਨੂੰ ਘਟਨਾ ਵਾਲੀ ਥਾਂ ‘ਤੇ ਰੋਕ ਦਿੱਤਾ ਗਿਆ ਹੈ। ਟਰਾਲੀ ਦੇ ਰੇਲਗੱਡੀ ਨਾਲ ਟਕਰਾਉਣ ਕਾਰਨ ਜਿੱਥੇ ਇੰਜਣ ਨਾਲ ਲੱਗਾ ਕੋਚ ਨੁਕਸਾਨਿਆ ਗਿਆ, ਉੱਥੇ ਹੀ ਟਰਾਲੀ ਵੀ ਨੁਕਸਾਨੀ ਗਈ। ਫਿਲਹਾਲ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।