ਲੁਧਿਆਣਾ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਥਾਣਾ ਲਾਡੋਵਾਲ ਅਧੀਨ ਪੈਂਦੇ ਕੁੱਤਵੇਵਾਲ ਗੁਜਰਾਂ ‘ਚ ਨਗਰ ਨਿਗਮ ਦੇ ਕੂੜਾ ਡੰਪ ‘ਤੇ ਜੇ. ਸੀ. ਬੀ. ਮਸ਼ੀਨ ਦੇ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੁੱਤਵੇਵਾਲ ਗੁਜਰਾਂ ‘ਚ ਨਗਰ ਨਿਗਮ ਦਾ ਕੂੜਾ ਡੰਪ ਹੈ। ਇੱਥੇ ਸ਼ਹਿਰ ਦਾ ਸਾਰਾ ਕੂੜਾ ਸੁੱਟਿਆ ਜਾਂਦਾ ਹੈ ਅਤੇ ਇੱਥੋਂ ਇਕ ਜੇ. ਸੀ. ਬੀ. ਮਸ਼ੀਨ ਰਾਹੀਂ ਕੂੜੇ ਨੂੰ ਚੁੱਕਿਆ ਜਾਂਦਾ ਹੈ।
ਡਿਊਟੀ ਦੌਰਾਨ ਪਿਆ ਦਿਲ ਦਾ ਦੌਰਾ
ਇਸ ਦੌਰਾਨ ਜੇ. ਸੀ. ਬੀ. ਮਸ਼ੀਨ ਦਾ ਡਰਾਈਵਰ ਰਣ ਸਿੰਘ (56) ਵਾਸੀ ਗੋਪਾਲ ਨਗਰ ਆਪਣੀ ਡਿਊਟੀ ‘ਤੇ ਕੂੜੇ ਨੂੰ ਪਿੱਛੇ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਉੱਧਰ ਪਰਿਵਾਰ ਵਾਲਿਆਂ ਜਦੋਂ ਇਹ ਖਬਰ ਮਿਲੀ ਤਾਂ ਰੋ-ਰੋ ਬੁਰਾ ਹਾਲ ਹੋ ਗਿਆ, ਇਲਾਕੇ ਦੇ ਵਿੱਚ ਸੋਗ ਦੀ ਲਹਿਰ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਡਰਾਈਵਰ ਦੇ ਪੁੱਤਰ ਸੁਖਦੀਪ ਸਿੰਘ ਦੀ ਸ਼ਿਕਾਇਤ ‘ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਡਰਾਈਵਰ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਲਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ।