ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਇਸ ਦੌਰਾਨ ਕਿਸਾਨ ਲੀਡਰ ਰਾਕੇਸ਼ ਟਿਕੈਤ ਉਨ੍ਹਾਂ ਨੂੰ ਮਿਲਣ ਲਈ ਖਨੌਰੀ ਸਰਹੱਦ ਪਹੁੰਚੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਮੁੜ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਇਕੱਠੇ ਹੋਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਮੰਗਾ ਨਾ ਮੰਨੇ ਜਾਣ ਤੱਕ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਜਾਰੀ ਰੱਖਣਗੇ।
ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢੇ, ਡੱਲੇਵਾਲ ਦੀ ਵਿਗੜਦੀ ਸਿਹਤ ਦੀ ਸਾਨੂੰ ਸਾਰਿਆਂ ਨੂੰ ਫਿਕਰ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਨੀਤੀ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਕਿਵੇਂ ਨਾ ਕਿਵੇਂ ਵੰਡਿਆ ਜਾਵੇ। ਦਿੱਲੀ ਤੋਂ ਇਕੱਠੀਆਂ ਆਈਆਂ ਜਥੇਬੰਦੀਆਂ ਨੂੰ ਮੁੜ ਤੋਂ ਇਕੱਠਾ ਹੋਣਾ ਪਵੇਗਾ।
ਜ਼ਿਕਰ ਕਰ ਦਈਏ ਕਿ ਕਿਸਾਨਾਂ ਦੀਆਂ 13 ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਪੰਜਾਬ-ਹਰਿਆਣਾ ਦੀ ਸਰਹੱਦ ਖਨੌਰੀ ਵਿਖੇ ਮਰਨ ਵਰਤ ਜਾਰੀ ਹੈ। ਉਨ੍ਹਾਂ ਦੇ ਮਰਨ ਵਰਤ ਦਾ ਅੱਜ 18ਵਾਂ ਦਿਨ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (SKM) ਵੀ ਹੁਣ ਡੱਲੇਵਾਲ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਅੱਜ 13 ਦਸੰਬਰ ਨੂੰ SKM ਆਗੂ ਰਾਕੇਸ਼ ਟਿਕੈਤ ਡੱਲੇਵਾਲ ਨੂੰ ਮਿਲਣ ਲਈ ਪਹੁੰਚੇ। ਇੱਥੇ ਉਨ੍ਹਾਂ ਦੀ ਮੁਲਾਕਾਤ ਡੱਲੇਵਾਲ ਨਾਲ ਹੋਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿੱਖ ਕੌਮ ਸ਼ਹਾਦਤਾਂ ਤੋਂ ਡਰਦੀ ਨਹੀਂ ਹੈ। ਡੱਲੇਵਾਲ ਸਾਡੇ ਸੀਨੀਅਰ ਕਿਸਾਨ ਆਗੂ ਹਨ ਤੇ ਉਹ ਮੰਗਾਂ ਪੂਰੀਆਂ ਨਾ ਹੋਣ ਤੱਕ ਮਰਨ ਵਰਤ ਖ਼ਤਮ ਨਹੀਂ ਕਰਨਗੇ। ਦਿੱਲੀ ਨੂੰ ਫਿਰ ਤੋਂ ਘੇਰਨਾ ਪਵੇਗਾ।
ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੇ 5 ਮੈਂਬਰੀ ਕਮੇਟੀ ਬਣਾਈ ਹੈ ਜੋ ਇਸ ਜਥੇਬੰਦੀ ਤੇ ਨਵੀਆਂ ਜਥੇਬੰਦੀਆਂ ਨਾਲ ਰਾਬਤਾ ਕਰੇਗੀ। ਉਨ੍ਹਾਂ ਸਾਰਿਆਂ ਨੂੰ ਇਕੱਠਾ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨਾਲ ਵਿਚਾਰ ਕਰਕੇ ਰਣਨੀਤੀ ਬਣਾਈ ਜਾਵੇਗੀ।।