ਪੰਜਾਬ ਪੁਲਿਸ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਤਰਨਤਾਰਨ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਂਝੇ ਆਪ੍ਰੇਸ਼ਨ ਦੌਰਾਨ ਤਰਨਤਾਰਨ ਦੇ ਸ਼ੇਰੋਂ ਇਲਾਕੇ ‘ਚੋਂ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਜੰਡਿਆਲਾ ਗੁਰੂ ਅਤੇ ਲਵਪ੍ਰੀਤ ਸਿੰਘ ਵਾਸੀ ਬਾਸਰਕੇ, ਖਾਲੜਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਕੋਲੋਂ ਚਾਰ ਆਧੁਨਿਕ ਗਲਾਕ-19 ਪਿਸਤੌਲ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ’ਤੇ ‘ਮੇਡ ਫਾਰ ਨਾਟੋ ਆਰਮੀ’ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਚਾਰ ਮੈਗਜ਼ੀਨ ਅਤੇ ਸੱਤ ਕਾਰਤੂਸ ਬਰਾਮਦ ਹੋਏ ਹਨ। ਇਸ ਦੇ ਨਾਲ ਹੀ 4.8 ਲੱਖ ਰੁਪਏ ਦੀ ਹਵਾਲਾ ਰਾਸ਼ੀ ਵੀ ਮਿਲੀ ਹੈ।
ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਸਵਿਫਟ ਕਾਰ ਵੀ ਬਰਾਮਦ ਕਰ ਲਈ ਹੈ, ਜਿਸ ‘ਚ ਦੋਸ਼ੀ ਸਵਾਰ ਸਨ। ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਮੁਲਜ਼ਮ ਹਰਪ੍ਰੀਤ ਸਿੰਘ ਪਾਕਿਸਤਾਨ ਸਥਿਤ ਇੱਕ ਸਮੱਗਲਰ ਦੇ ਸਿੱਧੇ ਸੰਪਰਕ ਵਿੱਚ ਸੀ, ਜੋ ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਪਹੁੰਚਾਉਂਦਾ ਸੀ।
ਤਰਨਤਾਰਨ ਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਤਰਨਤਾਰਨ ਪੁਲੀਸ ਦੀ ਟੀਮ ਸ਼ੇਰਾਂ ਨੇੜੇ ਸ਼ੱਕੀ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਸਵਿਫਟ ਕਾਰ ਕਾਫੀ ਤੇਜ਼ ਰਫਤਾਰ ਨਾਲ ਆ ਰਹੀ ਸੀ। ਟੀਮ ਨੇ ਕਾਰ ਚਾਲਕ ਨੂੰ ਟਾਰਚਲਾਈਟ ਦੀ ਵਰਤੋਂ ਕਰਕੇ ਵਾਹਨ ਨੂੰ ਰੋਕਣ ਦਾ ਇਸ਼ਾਰਾ ਕੀਤਾ। ਪਰ ਕਾਰ ਸਵਾਰਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਕਾਰ ਚੌਕੀ ‘ਤੇ ਲਗਾਏ ਬੈਰੀਕੇਡਾਂ ਨਾਲ ਟਕਰਾ ਗਈ। ਪੁਲੀਸ ਨੇ ਕਾਰ ਸਵਾਰ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਗੱਡੀ ਦੀ ਤਲਾਸ਼ੀ ਲਈ। ਗੱਡੀ ‘ਚੋਂ ਹਥਿਆਰ ਅਤੇ ਹਵਾਲਾ ਪੈਸਾ ਬਰਾਮਦ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰਪ੍ਰੀਤ ਹੈਪੀ ਫਰੀਦਕੋਟ ਜੇਲ੍ਹ ਵਿੱਚ ਕੈਦ ਦੌਰਾਨ ਕੁਝ ਸਮੱਗਲਰਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਇਨ੍ਹਾਂ ਸਮੱਗਲਰਾਂ ਨੇ ਉਸ ਨੂੰ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਮਿਲਵਾਇਆ ਸੀ। ਹਰਪ੍ਰੀਤ ਹੈਪੀ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰਦਾ ਸੀ। ਮਾਮਲੇ ਸਬੰਧੀ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।