ਤਰਨਤਾਰਨ ਨਿਊਜ਼: ਕਸਬਾ ਵਲਟੋਹਾ (ਵਲਟੋਹਾ ਕਾਂਡ) ‘ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਇਥੇ ਇੱਕ ਔਰਤ ਨੂੰ ਉਸ ਦੇ ਗੁਆਂਢੀਆਂ ਵੱਲੋਂ ਕੁੱਟਮਾਰ (ਔਰਤਾਂ ਦੇ ਖਿਲਾਫ ਅਪਰਾਧ) ਕਰਕੇ ਨੰਗਾ ਗਲੀ ‘ਚ ਘੁਮਾਇਆ ਗਿਆ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ। ਪੁਲਿਸ ਨੇ ਔਰਤ ਦੀ ਸ਼ਿਕਾਇਤ ‘ਤੇ ਤਿੰਨ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਪੀੜਤ ਔਰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲਾ ਉਸ ਦੇ ਮੁੰਡੇ ਵੱਲੋਂ ਪ੍ਰੇਮ ਵਿਆਹ ਕਰਵਾਉਣ ਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਮੁੰਡੇ ਨੇ ਗੁਆਂਢੀਆਂ ਦੀ ਕੁੜੀ ਨਾਲ ਪ੍ਰੇਮ ਕਰਵਾਇਆ ਸੀ, ਜਿਸ ਦੀ ਰੰਜਿਸ਼ ਕਾਰਨ ਗੁਆਂਢੀਆਂ ਨੇ ਉਨ੍ਹਾਂ ਦੇ ਘਰ ‘ਚ ਵੜ ਕੇ ਹਮਲਾ ਕਰ ਦਿੱਤਾ। ਔਰਤ ਨੇ ਦੱਸਿਆ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਘਰ ‘ਚ ਵੜ ਕੇ ਉਸ ਦੀ ਭਾਰੀ ਕੁੱਟਮਾਰ ਕੀਤੀ। ਫਿਰ ਕੱਪੜੇ ਪਾੜ ਦਿੱਤੇ ਅਤੇ ਗਲੀ ਵਿੱਚ ਨੰਗਾ ਕਰਕੇ ਘੁਮਾਇਆ। ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸ ਦੀ ਇੱਕ ਵੀਡੀਓ ਵੀ ਬਣਾ ਲਈ ਅਤੇ ਵਾਇਰਲ ਕਰ ਦਿੱਤੀ। ਔਰਤ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਉਧਰ, ਪੁਲਿਸ (ਪੰਜਾਬ ਪੁਲਿਸ) ਵੱਲੋਂ ਇਸ ਸਬੰਧ ਵਿੱਚ ਪੀੜਤ ਔਰਤ ਦੇ ਬਿਆਨਾਂ ‘ਤੇ ਥਾਣਾ ਵਲਟੋਹਾ ਵਿਖੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਸੁਨੀਤਾ ਰਾਣੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।