ਇਜ਼ਰਾਈਲ ਅਤੇ ਈਰਾਨ ਵਿਚਕਾਰ ਮਿਜ਼ਾਈਲ ਹਮਲੇ ਐਤਵਾਰ ਰਾਤ ਤੋਂ ਸੋਮਵਾਰ ਸਵੇਰ ਤੱਕ ਜਾਰੀ ਰਹੇ, ਜਦੋਂ ਕਿ ਅੰਤਰਰਾਸ਼ਟਰੀ ਭਾਈਚਾਰਾ ਦੋਵਾਂ ਦੇਸ਼ਾਂ ਨੂੰ ਜੰਗ ਰੋਕਣ ਦੀ ਅਪੀਲ ਕਰ ਰਿਹਾ ਹੈ। ਇਹ ਟਕਰਾਅ ਲਗਾਤਾਰ ਤੀਜੇ ਦਿਨ ਵਿੱਚ ਦਾਖਲ ਹੋ ਗਿਆ ਹੈ।
ਤਹਿਰਾਨ ਨੇ ਇਜ਼ਰਾਈਲ ‘ਤੇ ਆਪਣੀਆਂ ਤੇਲ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਖੁਫੀਆ ਮੁਖੀ ਸਮੇਤ ਦੋ ਹੋਰ ਸੀਨੀਅਰ ਜਨਰਲਾਂ ਨੂੰ ਮਾਰਨ ਦਾ ਦੋਸ਼ ਲਗਾਇਆ ਹੈ। ਈਰਾਨ ਨੇ ਇਹ ਵੀ ਕਿਹਾ ਕਿ ਤਾਜ਼ਾ ਹਵਾਈ ਹਮਲਿਆਂ ਵਿੱਚ ਬਹੁਤ ਸਾਰੇ ਆਬਾਦੀ ਵਾਲੇ ਖੇਤਰ ਪ੍ਰਭਾਵਿਤ ਹੋਏ ਹਨ।
ਈਰਾਨੀ ਸਿਹਤ ਅਧਿਕਾਰੀਆਂ ਦੇ ਅਨੁਸਾਰ, ਸ਼ੁੱਕਰਵਾਰ ਤੋਂ ਸ਼ੁਰੂ ਹੋਏ ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ 224 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1,277 ਲੋਕ ਜ਼ਖਮੀ ਹੋਏ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਕਿੰਨੇ ਨਾਗਰਿਕ ਹਨ ਅਤੇ ਕਿੰਨੇ ਸੈਨਿਕ ਹਨ।
ਇਸ ਦੇ ਨਾਲ ਹੀ, ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਈਰਾਨ ਦੇ ਪ੍ਰਮਾਣੂ ਠਿਕਾਣਿਆਂ ਅਤੇ ਫੌਜੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸਦੇ ਅਨੁਸਾਰ, ਈਰਾਨ ਨੇ ਸ਼ੁੱਕਰਵਾਰ ਤੋਂ ਹੁਣ ਤੱਕ 270 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਇਜ਼ਰਾਈਲ ਦੇ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਨਸ਼ਟ ਕਰ ਦਿੱਤੀਆਂ ਗਈਆਂ ਸਨ, ਪਰ 22 ਮਿਜ਼ਾਈਲਾਂ ਬਚ ਗਈਆਂ ਜੋ ਰਿਹਾਇਸ਼ੀ ਖੇਤਰਾਂ ਵਿੱਚ ਡਿੱਗੀਆਂ। ਇਹਨਾਂ ਵਿੱਚ 14 ਲੋਕ ਮਾਰੇ ਗਏ ਅਤੇ 390 ਹੋਰ ਜ਼ਖਮੀ ਹੋਏ, ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਨੇ ਰਿਪੋਰਟ ਕੀਤੀ।