ਕਪੂਰਥਲਾ ’ਚ ਨਗਰ ਨਿਗਮ ਦਾ ਟ੍ਰੀਟਮੇਂਟ ਪਲਾਂਟ ਜੰਮੂ ਪੈਲੇਸ ਨੇੜੇ ਨਜਾਇਜ਼ ਕਬਜ਼ਿਆਂ ’ਤੇ ਪੀਲਾ ਪੰਜਾ ਚਲਾਇਆ ਗਿਆ। ਮਿਲੀ ਜਾਣਕਾਰੀ ਮੁਤਾਬਿਕ 50 ਦੇ ਕਰੀਬ ਝੁੱਗੀਆਂ, ਝੋਪੜੀਆਂ ਅਤੇ ਨਜਾਇਜ਼ ਪੱਕੇ ਮਕਾਨ ਨੂੰ ਹਟਾ ਕੇ ਵੱਡੀ ਕਾਰਵਾਈ ਕੀਤੀ ਗਈ। ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਝੁਗੀਆਂ ਬਣਾ ਕੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ 50 ਦੇ ਕਰੀਬ ਝੁੱਗੀਆਂ ਨੂੰ ਜੇਸੀਬੀ ਮਸ਼ੀਨ ਰਾਹੀਂ ਢਾਹ ਦਿੱਤਾ ਗਿਆ।
ਦੱਸ ਦਈਏ ਕਿ ਇਸ ਕਾਰਵਾਈ ਦੌਰਾਨ ਤਹਿਸੀਲਦਾਰ ਵਰਿੰਦਰ ਭਾਟੀਆ, ਨਿਗਮ ਦੇ ਸੈਕਟਰੀ ਸੁਸ਼ਾਂਤ ਭਾਟੀਆ, ਇੰਸਪੈਕਟਰ ਭਜਨ ਸਿੰਘ, ਥਾਣਾ ਸਿਟੀ ਦੇ ਐਸਐਚਓ ਬਿਕਰਮਜੀਤ ਸਿੰਘ, ਪੀਸੀਆਰ ਇੰਚਾਰਜ ਚਰਨਜੀਤ ਸਿੰਘ, ਟਰੈਫਿਕ ਇੰਚਾਰਜ ਦਰਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਤੇ ਮਹਿਲਾ ਪੁਲਿਸ ਮੌਜੂਦ ਰਹੇ।
ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹਨਾਂ ਨੇ ਇਹ ਥਾਂ ਇੱਕ ਵਿਅਕਤੀ ਤੋਂ ਕਥਿਤ ਤੌਰ ’ਤੇ 30 ਹਜਾਰ ਰੁਪਏ ਦੇ ਮੁੱਲ ਦੇ ਹਿਸਾਬ ਨਾਲ ਲਈ ਸੀ ਜਿਸ ਨੇ ਇਹ ਕਿਹਾ ਕਿ ਇਹ ਜਗ੍ਹਾ ਬਾਅਦ ਵਿੱਚ ਤੁਹਾਨੂੰ ਰਜਿਸਟਰੀਆਂ ਕਰਵਾ ਦਿੱਤੀਆਂ ਜਾਣਗੀਆਂ। ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਅਚਾਨਕ ਉਹਨਾਂ ਦੀਆਂ ਝੁੱਗੀਆਂ ਢਾਹ ਦਿੱਤੀਆਂ ਗਈਆਂ ਹਨ ਉਹ ਇਸ ਠੰਢ ਦੇ ਦਿਨਾਂ ਵਿੱਚ ਆਪਣੇ ਬੱਚਿਆਂ ਨਾਲ ਕਿਸ ਤਰ੍ਹਾਂ ਗੁਜ਼ਾਰਾ ਕਰਨਗੇ।ਫਿਲਹਾਲ ਇਸ ਮਾਮਲੇ ’ਚ ਅਧਿਕਾਰਿਆਂ ਨੇ ਕੈਮਰੇ ਅੱਗੇ ਤੋਂ ਇਨਕਾਰ ਕਰ ਦਿੱਤਾ ਹੈ।