ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੰਥਕ ਗੁਨਾਹਾਂ ਦੀ ਸਜ਼ਾ ਕੱਟ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਦੇ ਦੋ ਦਿਨ ਦੇ ਰਿਮਾਂਡ ‘ਚ ਵਾਧਾ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਪੁਲਿਸ ਨੇ ਨਰਾਇਣ ਸਿੰਘ ਚੌੜਾ ਦਾ ਤਿੰਨ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮੁੜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਨੇ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ ਦੋ ਦਿਨ ਦਾ ਰਿਮਾਂਡ ਮਨਜ਼ੂਰ ਕਰ ਲਿਆ।
ਨਰਾਇਣ ਚੌੜਾ ਦੇ ਵਕੀਲ ਨੇ ਕਿਹਾ ਕਿ 2 ਤੇ 4 ਦਸੰਬਰ ਦੀ ਸੀਸੀਟੀਵੀ ਫੁਟੇਜ ਅਜੇ ਤੱਕ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ। ਫੁਟੇਜ ਮੁਹੱਈਆ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਅਪੀਲ ਕੀਤੀ ਗਈ ਹੈ। .
ਪੁਲਿਸ ਨੇ ਕੀ ਦਿੱਤਾ ਤਰਕ ?
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਸੀ.ਪੀ ਜਸਪਾਲ ਸਿੰਘ ਨੇ ਦੱਸਿਆ ਕਿ ਨਰਾਇਣ ਸਿੰਘ ਚੌੜਾ ਕੋਲੋਂ ਬਰਾਮਦ ਪਿਸਤੌਲ ਪਹਿਲਾਂ ਹੀ ਜ਼ਬਤ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਧਰਮ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਨੇ ਅਦਾਲਤ ਤੋਂ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ ਤਾਂ ਜੋ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ। ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਿਸ ਹੁਣ ਚੌੜਾ ਨੂੰ 16 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰੇਗੀ। ਏ.ਸੀ.ਪੀ ਨੇ ਕਿਹਾ ਕਿ ਅਜੇ ਤਫਤੀਸ਼ ਜਾਰੀ ਹੈ ਤੇ ਤਫਤੀਸ਼ ਪੂਰੀ ਹੋਣ ਤੋਂ ਬਾਅਦ ਹੀ ਵਿਸਥਾਰਪੂਰਵਕ ਤੱਥ ਸਾਹਮਣੇ ਆਉਣਗੇ।
ਅਕਾਲੀ ਦਲ ਪੰਜਾਬ ਪੁਲਿਸ ਉੱਤੇ ਚੱਕ ਰਿਹਾ ਸਵਾਲ
ਯਾਦ ਕਰਵਾ ਦਈਏ ਕਿ ਘਟਨਾ ਤੋਂ ਬਾਅਦ ਤੋਂ ਹੀ ਬਿਕਰਮ ਮਜੀਠੀਆ ਲਗਾਤਾਰ ਪੁਲਿਸ ਦੀ ਜਾਂਚ ‘ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਸੁਖਬੀਰ ਬਾਦਲ ‘ਤੇ ਹਮਲਾ ਪੰਜਾਬ ਪੁਲਿਸ ਦੀ ਨਾਕਾਮੀ ਕਾਰਨ ਹੋਇਆ ਹੈ। ਅੰਮ੍ਰਿਤਸਰ ਪੁਲਿਸ ਨਾ ਸਿਰਫ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਵਿੱਚ ਲਾਪਰਵਾਹੀ ਵਰਤੀ ਜਾ ਰਹੀ ਸੀ, ਬਲਕਿ ਸੀਨੀਅਰ ਪੁਲਿਸ ਅਧਿਕਾਰੀ ਪਾਕਿਸਤਾਨ ਦੇ ISI ਏਜੰਟ, ਹਮਲਾਵਰ ਨਰਾਇਣ ਸਿੰਘ ਦੇ ਨਾਲ ਗੁਪਤ ਗਠਜੋੜ ਅਤੇ ਮਿਲੀਭੁਗਤ ਵਿੱਚ ਸਨ। ਅੰਮ੍ਰਿਤਸਰ ਪੁਲਿਸ ਨੇ ਸਚਾਈ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਵੱਡੇ ਪੱਧਰ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।