ਪੰਜਾਬ ਨਿਊਜ਼: ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੇ ਬੇੜੇ ਵਿੱਚ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੀਆਰਟੀਸੀ ਦੇ ਬੇੜੇ ਵਿੱਚ 83 ਨਵੀਆਂ ਬੀਐਸ-6 ਅਨੁਕੂਲ ਜਨਰਲ ਬੱਸਾਂ (General buses) ਸ਼ਾਮਲ ਕੀਤੀਆਂ ਜਾਣਗੀਆਂ। ਕਿਲੋਮੀਟਰ ਸਕੀਮ ਤਹਿਤ ਇਹ ਬੱਸਾਂ ਛੇ ਸਾਲਾਂ ਲਈ ਕਿਰਾਏ ’ਤੇ ਲਈਆਂ ਜਾਣਗੀਆਂ। ਇਸੇ ਤਰ੍ਹਾਂ ਰੋਡਵੇਜ਼, ਪਨਬੱਸ ਵੱਲੋਂ ਕਿਲੋਮੀਟਰ ਸਕੀਮ ਤਹਿਤ 20 ਸੁਪਰ ਇੰਟੈਗਰਲ BS-6 ਅਨੁਕੂਲ ਬੱਸਾਂ ਅਤੇ 19 HVAC ਬੱਸਾਂ ਵੀ ਕਿਰਾਏ ‘ਤੇ ਲਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਜਨਵਰੀ ਤੋਂ ਦਸੰਬਰ 2024 ਤੱਕ ਰਾਜ ਦੀਆਂ ਔਰਤਾਂ ਨੇ ਪੰਜਾਬ ਭਰ ਵਿੱਚ 14.88 ਕਰੋੜ ਮੁਫਤ ਬੱਸਾਂ ਦਾ ਸਫਰ ਕੀਤਾ, ਜਿਸ ‘ਤੇ ਵਿਭਾਗ ਨੇ 726.19 ਕਰੋੜ ਰੁਪਏ ਖਰਚ ਕੀਤੇ ਹਨ। ਸੂਬਾ ਸਰਕਾਰ ਨੇ 1 ਅਪ੍ਰੈਲ, 2022 ਤੋਂ ਹੁਣ ਤੱਕ 1916.92 ਕਰੋੜ ਰੁਪਏ ਦੀ ਲਾਗਤ ਨਾਲ ਔਰਤਾਂ ਨੂੰ 40.45 ਕਰੋੜ ਮੁਫ਼ਤ ਬੱਸ ਸਫ਼ਰ ਮੁਹੱਈਆ ਕਰਵਾਏ ਹਨ।
ਇੰਨੇ ਟੋਲ ਹੋਏ ਬੰਦ, ਲੋਕਾਂ ਦੀ ਯਾਤਰਾ ਹੋਏਗੀ ਆਸਾਨ
ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਮੰਗਲਵਾਰ ਨੂੰ ਕਿਹਾ ਕਿ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਨੇ ਰਾਜ ਦੀਆਂ ਸੜਕਾਂ ‘ਤੇ ਮੁਸ਼ਕਲ ਰਹਿਤ ਯਾਤਰਾ ਨੂੰ ਯਕੀਨੀ ਬਣਾਉਣ ਲਈ 18 ਟੋਲ ਪਲਾਜ਼ਿਆਂ ‘ਤੇ ਟੋਲ ਉਗਰਾਹੀ ਬੰਦ ਕਰ ਦਿੱਤੀ ਹੈ, ਜਿਸ ਕਾਰਨ ਯਾਤਰੀਆਂ ਕੋਲ ਸਾਲ 2024 ਦੌਰਾਨ 225 ਕਰੋੜ ਰੁਪਏ ਬਚੇ ਹਨ।
ਪਟਿਆਲਾ-ਸਰਹਿੰਦ ਸੜਕ ਨੂੰ ਚਹੁੰ ਮਾਰਗੀ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਪ੍ਰੋਜੈਕਟ ਦਾ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਵਿੱਚ ਵਪਾਰਕ ਮੀਟਿੰਗ ਦੌਰਾਨ ਕੀਤਾ। ਇਸ ਪ੍ਰੋਜੈਕਟ ਨਾਲ ਖੇਤਰ ਵਿੱਚ ਆਵਾਜਾਈ ਦੇ ਪ੍ਰਵਾਹ ਅਤੇ ਸੰਪਰਕ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ।