ਇੱਕ ਪਾਸੇ ਜਿੱਥੇ ਅਮਰੀਕਾ ਵੱਲੋਂ 104 ਦੇ ਕਰੀਬ ਭਾਰਤੀਆਂ ਨੂੰ ਦੇਸ਼ ਵਾਪਿਸ ਭੇਜਿਆ ਹੈ। ਨਾਲ ਹੀ ਉਸ ਵੱਲੋਂ ਇਕ ਹੋਰ ਨਵੀਂ ਲਿਸਟ ਤਿਆਰ ਕਰ ਲਈ ਗਈ ਹੈ ਉੱਥੇ ਹੀ ਦੂਜੇ ਪਾਸੇ ਨੌਜਵਾਨ ਅਜੇ ਵੀ ਨਾਜਾਇਜ ਤਰੀਕੇ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਕਾਰਨ ਆਪਣੀ ਜਾਨ ਗੁਆ ਰਹੇ ਹਨ। ਅਜਿਹਾ ਹੀ ਕੁਝ ਹੋਇਆ ਹੈ ਅੰਮ੍ਰਿਤਸਰ ਦੇ ਇੱਕ ਨੌਜਵਾਨ ਨਾਲ ਜਿਸਦੀ ਅਮਰੀਕਾ ਜਾਂਦੇ ਹੋਏ ਮੌਤ ਹੋ ਗਈ।
ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਰਾਮਦਾਸ ਕਸਬੇ ਦੇ ਇੱਕ ਨੌਜਵਾਨ ਦੀ ਅਮਰੀਕਾ ਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 33 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਅਮਰੀਕਾ ਜਾਂਦੇ ਸਮੇਂ ਗੁਆਟੇਮਾਲਾ ਦੇ ਨੇੜੇ ਉਸਦੀ ਮੌਤ ਹੋ ਗਈ।
ਗੁਰਪ੍ਰੀਤ ਸਿੰਘ ਛੇ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੇ ਪਰਿਵਾਰ ਦੀ ਵਿੱਤੀ ਹਾਲਤ ਸੁਧਾਰਨ ਲਈ ਡੌਂਕੀ ਰੂਟ (ਗੈਰ-ਕਾਨੂੰਨੀ ਤੌਰ ‘ਤੇ ਵਿਦੇਸ਼ ਜਾਣਾ) ਰਾਹੀਂ ਅਮਰੀਕਾ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਤਿੰਨ ਮਹੀਨੇ ਪਹਿਲਾਂ ਇੱਕ ਏਜੰਟ ਰਾਹੀਂ ਅਮਰੀਕਾ ਚਲਾ ਗਿਆ ਸੀ।
ਰਸਤੇ ਵਿੱਚ, ਗੁਆਟੇਮਾਲਾ ਦੇ ਨੇੜੇ, ਉਸਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੁਰਪ੍ਰੀਤ ਨਾਲ ਯਾਤਰਾ ਕਰ ਰਹੇ ਨੌਜਵਾਨ ਨੇ ਆਪਣੇ ਪਰਿਵਾਰ ਨੂੰ ਫੋਨ ‘ਤੇ ਇਸ ਦੁਖਦਾਈ ਖ਼ਬਰ ਬਾਰੇ ਦੱਸਿਆ। ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।