ਲੋਕ ਸਭਾ ਪਟਿਆਲਾ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚ ਸ਼ਾਹੀ ਸ਼ਹਿਰ ਪਟਿਆਲਾ ਦਾ ਆਪਣਾ ਹੀ ਮਹੱਤਵ ਹੈ, ਜੋ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਨਾਲੋਂ ਵੱਧ ਵੋਟਰ ਵਾਲੀ ਸੀਟ ਹੈ। ਇਸ ਵਾਰ ਇਹ ਹੌਟ ਸੀਟ ਵੀ ਬਣੀ ਹੋਈ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਕੌਰ ‘ਤੇ ਦਾਅ ਖੇਡਿਆ ਗਿਆ ਹੈ, ਜਦਕਿ ਆਮ ਆਦਮੀ ਪਾਰਟੀ (AAP) ਵੱਲੋਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਹਾਲਾਂਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ। ਪਰੰਤੂ ਕਾਂਗਰਸ ਵੱਲੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦਿੱਤੇ ਜਾਣ ਦੀਆਂ ਚਰਚਾਵਾਂ ਹਨ।
1971 ਤੋਂ ਹੁਣ ਤੱਕ ਕਾਂਗਰਸ ਨੇ 7 ਵਾਰ ਜਿੱਤੀ ਪਟਿਆਲਾ ਸੀਟ
ਜੇਕਰ ਪਟਿਆਲਾ ਲੋਕ ਸਭਾ ਦੇ ਹੁਣ ਤੱਕ ਦੇ ਇਤਿਹਾਸ ‘ਤੇ ਝਾਤ ਮਾਰੀਏ ਤਾਂ 1971 ਤੋਂ 2019 ਤੱਕ 13 ਵਾਰ ਹੋਈਆਂ ਚੋਣਾਂ ‘ਚ ਕਾਂਗਰਸ ਨੇ ਸਭ ਤੋਂ ਵੱਧ 7 ਵਾਰ ਚੋਣ ਜਿੱਤੀ ਹੈ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ 4 ਵਾਰ ਇਹ ਸੀਟ ਜਿੱਤੀ। ਇਸਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਇਕ ਵਾਰ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਚੋਣ ਜਿੱਤਣ ‘ਚ ਸਫ਼ਲ ਰਿਹਾ ਹੈ।
1971 ‘ਚ ਹੋਈ ਪਹਿਲੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਸਤਪਾਲ ਨੇ ਪਟਿਆਲਾ ਸੀਟ ਜਿੱਤੀ ਸੀ, ਜਿਨ੍ਹਾਂ ਨੂੰ ਕੁੱਲ 47.87 ਫ਼ੀਸਦੀ ਵੋਟਾਂ ਹਾਸਲ ਹੋਈਆਂ ਸਨ। ਉਪਰੰਤ ਸਾਲ 1977 ‘ਚ ਸੀਨੀਅਰ ਅਕਾਲੀ ਆਗੂ ਤੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੇ ਪਹਿਲੀ ਵਾਰ ਪਟਿਆਲਾ ਸੀਟ ਜਿੱਤ ਕੇ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ।
1980 ‘ਚ ਇਥੋਂ ਕੈਪਟਨ ਅਰਮਿੰਦਰ ਸਿੰਘ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੀ, ਜਿਸ ਦੌਰਾਨ ਉਨ੍ਹਾਂ ਨੂੰ 56 ਫੀਸਦੀ ਤੋਂ ਵੱਧ ਵੋਟਾਂ ਹਾਸਲ ਹੋਈਆਂ ਸਨ। ਉਪਰੰਤ 1985 ਵਿਚ ਹੋਈ ਚੋਣ ਵਿਚ ਵੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਜੇਤੂ ਰਹੇ। 1992 ‘ਚ ਕਾਂਗਰਸ ਦੇ ਉਮੀਦਵਾਰ ਸੰਤ ਰਾਮ ਸਿੰਗਲਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਬਣੇ। ਫਿਰ 1996 ਅਤੇ 1998 ‘ਚ ਪਟਿਆਲਾ ਤੋਂ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿੱਤ ਹਾਸਲ ਕੀਤੀ ਸੀ।
ਇਸ ਪਿੱਛੋਂ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਲਗਾਤਾਰ ਇਸ ਸੀਟ ‘ਤੇ ਜਿੱਤ ਪ੍ਰਾਪਤ ਕਰਦੀ ਰਹੀ, ਪਰੰਤੂ 2014 ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਜਿੱਤ ਹਾਸਲ ਕਰ ਕੇ ਇਸ ਰੁਝਾਨ ਨੂੰ ਠੱਲ੍ਹ ਪਾਈ। ਡਾ. ਗਾਂਧੀ ਨੇ ਪ੍ਰਨੀਤ ਕੌਰ ਨੂੰ 20 ਹਜ਼ਾਰ 942 ਵੋਟਾਂ ਨਾਲ ਹਰਾਇਆ। ਹਾਲਾਂਕਿ 2019 ਲੋਕ ਸਭਾ ਚੋਣਾਂ ‘ਚ ਪ੍ਰਨੀਤ ਕੌਰ ਮੁੜ ਲੋਕ ਸਭਾ ਮੈਂਬਰ ਚੁਣੇ ਗਏ।
ਭਾਜਪਾ 32 ਸਾਲ ਬਾਅਦ ਇਕੱਲਿਆਂ ਲੜੇਗੀ ਚੋਣ
ਪਟਿਆਲਾ ਲੋਕ ਸਭਾ ਚੋਣ ਭਾਜਪਾ ਲਈ ਇਤਿਹਾਸਕ ਹੋਵੇਗੀ। ਕਿਉਂਕਿ ਉਸ ਨੇ 32 ਸਾਲ ਬਾਅਦ ਆਪਣਾ ਉਮੀਦਵਾਰ ਉਤਾਰਿਆ ਹੈ। ਇਸਤੋਂ ਪਹਿਲਾਂ 1992 ਵਿੱਚ ਭਾਜਪਾ ਨੇ ਦੀਵਾਨ ਚੰਦ ਸਿੰਗਲਾ ਨੂੰ ਆਪਣੇ ਦਮ ‘ਤੇ ਚੋਣ ਲੜਾਈ ਸੀ ਪਰੰਤੂ ਉਹ ਤੀਜੇ ਸਥਾਨ ‘ਤੇ ਰਹੇ ਸਨ। ਉਪਰੰਤ 1996 ਤੋਂ 2021 ਤੱਕ ਭਾਜਪਾ ਤੇ ਅਕਾਲੀ ਦਲ ਗਠਜੋੜ ਤਹਿਤ ਚੋਣਾਂ ਲੜਦੇ ਰਹੇ ਹਨ।
ਸਭ ਤੋਂ ਵੱਧ ਵੋਟਰ ਵਾਲਾ ਹਲਕਾ
ਜੇਕਰ ਵੋਟਰਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਪਟਿਆਲਾ ਸਾਰੀਆਂ 13 ਲੋਕ ਸਭਾ ਸੀਟਾਂ ਵਿਚੋਂ ਵੱਡਾ ਹੈ। ਪਿਛਲੇ ਪੰਜ ਸਾਲਾਂ ਵਿੱਚ ਇੱਥੇ ਵੋਟਰਾਂ ਦੀ ਗਿਣਤੀ ਪੌਣੇ ਦੋ ਲੱਖ ਤੋਂ ਵੀ ਪਾਰ ਕਰ ਗਈ। ਸਾਲ 2019 ਦੀ ਲੋਕ ਸਭਾ ਚੋਣ ਦੌਰਾਨ ਇੱਥੇ 16 ਲੱਖ ਦੇ ਕਰੀਬ ਵੋਟਰ ਸਨ, ਜਦਕਿ ਹੁਣ ਇੱਥੇ ਵੋਟਰਾਂ ਦੀ ਗਿਣਤੀ 17 ਲੱਖ 83 ਹਜ਼ਾਰ 681 ਹੈ।
ਪਟਿਆਲਾ ਲੋਕ ਸਭਾ ਹਲਕੇ ’ਚ ਪਟਿਆਲਾ ਸ਼ਹਿਰੀ, ਸਨੌਰ, ਘਨੌਰ, ਰਾਜਪੁਰਾ, ਸਮਾਣਾ, ਪਟਿਆਲਾ ਦਿਹਾਤੀ, ਸ਼ੁਤਰਾਣਾ ਅਤੇ ਨਾਭਾ ’ਤੇ ਆਧਾਰਿਤ ਅੱਠ ਹਲਕੇ ਪਟਿਆਲਾ ਜ਼ਿਲ੍ਹੇ ਦੇ ਅਧੀਨ ਆਉਂਦੇ ਹਨ, ਜਦਕਿ ਡੇਰਾਬਸੀ ਹਲਕਾ ਮੋਹਾਲੀ ਜ਼ਿਲ੍ਹੇ ਦਾ ਹਿੱਸਾ ਹੈ। ਡੇਰਾਬਸੀ ਹਲਕੇ ਵਿੱਚ ਸਭ ਤੋਂ ਵੱਧ 2,86,217 ਵੋਟਰ ਹਨ, ਜਦਕਿ ਸਨੌਰ ਦੂਜੇ ਨੰਬਰ ’ਤੇ ਆਉਂਦਾ ਹੈ ਜਿੱਥੇ 22,5,752 ਵੋਟਰ ਹਨ।