ਬਠਿੰਡਾ ਦੇ ਨੌਜਵਾਨ ਨੇ ਆਪਣਾ ਘਰ ਵੇਚ ਕੇ ਵਿਦੇਸ਼ ਭੇਜੀ ਪਤਨੀ ਤੋਂ ਧੋਖਾ ਮਿਲਣ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਵਨੀਤ ਸਿੰਘ ਵਾਸੀ ਸ਼ਕਤੀ ਵਿਹਾਰ ਕਲੋਨੀ ,ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਕਿਹਾ ਹੈ ਕਿ ਮੁੰਡਾ ਅਤੇ ਕੁੜੀ ਸਕੂਲ ਟਾਈਮ ਤੋਂ ਹੀ ਇੱਕ ਦੂਜੇ ਨੂੰ ਜਾਂਦੇ ਸਨ ਅਤੇ 2018 ਵਿੱਚ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ। 2021 ਵਿੱਚ ਲੜਕੀ ਨੇ ਕਿਹਾ ਹੈ ਕਿ ਉਸਨੇ ਵਿਦੇਸ਼ ਜਾਣਾ ਹੈ ਤਾਂ ਲੜਕੇ ਨੇ ਪੈਸੇ ਇਕੱਠੇ ਕਰ ਉਸ ਨੂੰ ਕੈਨੇਡਾ ਭੇਜਿਆ ਸੀ ਅਤੇ ਉਹ 2023 ਵਿੱਚ ਬਠਿੰਡਾ ਆਈ ਸੀ ਤੇ ਵਾਪਸ ਚਲੀ ਗਈ। ਉਸ ਤੋਂ ਬਾਅਦ ਉਹ 2024 ਵਿੱਚ ਇੱਕ ਵਿਆਹ ਸਮਾਗਮ ਵਿੱਚ ਆਈ ਸੀ। ਉਸ ਸਮੇਂ ਲੜਕੇ ਵੱਲੋਂ ਜਦੋਂ ਉਸਦਾ ਬੈਂਕ ਖਾਤਾ ਚੈੱਕ ਕੀਤਾ ਗਿਆ ਤਾਂ ਉਸਦੇ ਬੈਂਕ ਖਾਤੇ ਵਿੱਚ ਇਕ ਲੱਖ 20 ਹਜ਼ਾਰ ਰੁਪਏ ਸਨ।
ਜਦੋਂ ਮੇਰੇ ਲੜਕੇ ਨੇ ਉਨ੍ਹਾਂ ਪੈਸਿਆਂ ਬਾਰੇ ਪੁੱਛਣਾ ਚਾਹੇ ਤਾਂ ਉਸ ਨੇ ਕਿਹਾ ਹੈ ਕਿ ਇਹ ਮੇਰੇ ਨਾਲ ਕੰਮ ਕਰਦੇ ਲੜਕੇ ਨੇ ਭੇਜੇ ਹਨ, ਮੈਂ ਉਸ ਤੋਂ ਪੈਸੇ ਲੈਣੇ ਸਨ। ਜਿਸਦੇ ਚਲਦੇ ਉਸਨੇ ਮੇਰੇ ਖਾਤੇ ਵਿੱਚ ਪੈਸੇ ਪਾਏ ਹਨ। ਓਦੋਂ ਸਾਡੇ ਲੜਕੇ ਨੂੰ ਸ਼ੱਕ ਹੋਣ ਲੱਗਿਆ ਹੈ ਕਿ ਮੇਰੀ ਘਰਵਾਲੀ ਦਾ ਰਿਲੇਸ਼ਨ ਕਿਸੇ ਹੋਰ ਲੜਕੇ ਨਾਲ ਹੈ। ਜਦੋਂ ਉਹ ਉਸ ਨੂੰ ਪੁੱਛਦਾ ਸੀ ਤਾਂ ਉਹ ਉਸ ਨਾਲ ਬਹਿਸ ਕਰਦੀ ਸੀ। 2024 ਵਾਪਸ ਜਾਣ ਤੋਂ ਬਾਅਦ ਉਸ ਲੜਕੀ ਨੇ ਸਾਡੇ ਨਾਲੋਂ ਸੰਪਰਕ ਤੋੜ ਲਿਆ।
ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਰੋਂਦੇ ਰੋਂਦੇ ਕਿਹਾ ਹੈ ਕਿ ਬੇਸ਼ਕ ਪੁਲਿਸ ਨੇ ਲੜਕੇ ਦੀ ਸੱਸ ਅਤੇ ਉਸਦੀ ਪਤਨੀ ਉੱਪਰ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਪਰ ਸਾਡੀ ਮੰਗ ਹੈ ਕਿ ਜਲਦ ਹੀ ਲੜਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ। ਉਸ ਲੜਕੀ ਨੂੰ ਕੈਨੇਡਾ ਤੋਂ ਵਾਪਸ ਲਿਆਂਦਾ ਜਾਵੇ। ਜੇਕਰ ਪੁਲਿਸ ਨੇ ਅਜਿਹਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਹੈ ਕਿ ਮੈਂ ਪੁਲਿਸ ‘ਚੋਂ ਰਿਟਾਇਰ ਮੁਲਾਜ਼ਮ ਹੈ। ਮੇਰੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਮੈਨੂੰ ਇਨਸਾਫ ਦਵਾਇਆ ਜਾਵੇ।
ਦੂਜੇ ਪਾਸੇ ਥਾਣਾ ਥਰਮਲ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਉੱਪਰ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਗ੍ਰਿਫਤਾਰੀ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਸੀ ਕਿ ਮ੍ਰਿਤਕ ਲੜਕੇ ਦੀ ਪਤਨੀ ਜੋ ਕਿ ਵਿਦੇਸ਼ ਚਲੀ ਗਈ ਸੀ ,ਉਸ ਤੋਂ ਬਾਅਦ ਉਸਨੇ ਪਰਿਵਾਰ ਨਾਲ ਸੰਪਰਕ ਤੋੜ ਦਿੱਤਾ ਸੀ।