ਜਗਰਾਓਂ ਦੇ ਮੁਹੱਲਾ ਰਾਮ ਨਗਰ ਵਿੱਚ ਇੱਕ ਘਰ ਵਿੱਚੋਂ ਕੁੱਤੀ ਗਾਇਬ ਹੋਣ ਉੱਤੇ ਪਤਨੀ ਨੇ ਆਪਣੇ ਹੀ ਪਤੀ ਖਿਲਾਫ ਕੁੱਤੀ ਚੋਰੀ ਕਰਨ ਦੀ ਸ਼ਿਕਾਇਤ ਥਾਣਾ ਸਿਟੀ ਵਿੱਚ ਦਰਜ ਕਰਵਾਈ ਹੈ, ਜਿਸ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਤੀ ਖਿਲਾਫ ਕੁੱਤੀ ਗਾਇਬ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਅਜੇ ਪਤੀ ਫਰਾਰ ਹੈ ਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਮੁਹੱਲਾ ਰਾਮ ਨਗਰ ਦਾ ਰਹਿਣ ਵਾਲੇ ਸੁਰਿੰਦਰਪਾਲ ਸਿੰਘ ਖਿਲਾਫ ਉਸਦੀ ਪਤਨੀ ਜਸਮੀਤ ਕੌਰ ਨੇ ਮਾਮਲਾ ਦਰਜ ਕਰਵਾਇਆ ਹੈ। ਦਰਅਸਲ ਸੈਫ਼ੀ ਨਾਂ ਦੀ ਕੁੱਤੀ ਪਿਛਲੇ 10 ਸਾਲ ਤੋਂ ਇਸ ਘਰ ਵਿੱਚ ਰਹਿ ਰਹੀ ਸੀ ਤੇ ਜਸਮੀਤ ਕੌਰ ਉਸਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਿਆਰ ਕਰਦੀ ਸੀ। ਪਰ ਪਤੀ ਨੂੰ ਇਹ ਪਸੰਦ ਨਹੀਂ ਸੀ ਤੇ ਆਏ ਦਿਨ ਇਸ ਕੁੱਤੀ ਨੂੰ ਘਰੋਂ ਕੱਢਣ ਲਈ ਕਹਿੰਦਾ ਰਹਿੰਦਾ ਸੀ। ਜਿਸ ਕਰਕੇ ਕਈ ਵਾਰ ਇਨ੍ਹਾਂ ਦੀ ਇਸ ਗੱਲ ਨੂੰ ਲੈ ਕੇ ਲੜਾਈ ਵੀ ਹੁੰਦੀ ਰਹਿੰਦੀ ਸੀ।
ਬੀਤੇ ਦਿਨੀਂ ਜਦੋਂ ਜਸਮੀਤ ਕੌਰ ਬਿਮਾਰ ਹੋਈ ਤੇ ਉਹ ਆਪਣੀ ਬਿਮਾਰੀ ਦੇ ਇਲਾਜ ਲਈ ਆਪਣੇ ਪੇਕੇ ਗਈ ਤਾਂ ਮਗਰੋਂ ਪਤੀ ਸੁਰਿੰਦਰਪਾਲ ਸਿੰਘ ਨੇ ਸੈਫ਼ੀ ਨਾਂ ਦੀ ਕੁੱਤੀ ਨੂੰ ਘਰੋਂ ਲੈ ਗਿਆ, ਜਿਸਦੀ ਦੀਆਂ ਤਸਵੀਰਾਂ CCTV ਵਿੱਚ ਕੈਦ ਹੋ ਗਈਆਂ ਹਨ। ਜਦੋਂ ਜਸਮੀਤ ਕੌਰ ਇਲਾਜ ਕਰਵਾ ਕੇ ਆਪਣੇ ਘਰ ਵਾਪਿਸ ਆਈ ਤਾਂ ਉਸਦੀ ਕੁੱਤੀ ਘਰੋਂ ਗਾਇਬ ਸੀ ਤੇ ਜਦੋਂ ਇਸ ਬਾਰੇ ਉਸਨੇ ਆਪਣੇ ਪਤੀ ਨੂੰ ਪੁੱਛਿਆ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ ਤੇ ਜਿਆਦਾ ਜ਼ੋਰ ਪਾਉਣ ਉੱਤੇ ਉਸਨੇ ਕਿਹਾ ਕਿ ਉਸਨੇ ਕੁੱਤੀ ਨੂੰ ਮੋਗੇ ਜਾਣ ਵਾਲੀ ਟ੍ਰੇਨ ਉੱਤੇ ਚੜ੍ਹਾ ਦਿੱਤਾ ਸੀ।
ਪੁਲਿਸ ਨੇ ਮਾਮਲਾ ਕੀਤਾ ਦਰਜ
ਇਸ ਗੱਲ ਤੋਂ ਨਾਰਾਜ਼ ਹੋ ਕੇ ਜਸਮੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਪੁਲਿਸ ਤੋਂ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਾਰੇ ਜਦੋਂ ਥਾਣਾ ਸਿਟੀ ਜਗਰਾਓਂ ਦੇ SHO ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਸਮੀਤ ਕੌਰ ਦੀ ਸ਼ਿਕਾਇਤ ਉੱਤੇ ਉਸਦੇ ਪਤੀ ਸੁਰਿੰਦਰਪਾਲ ਸਿੰਘ ਖ਼ਿਲਾਫ਼ ਐਨਿਮਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਜਲਦੀ ਹੀ CCTV ਫੁਟੇਜ ਦੇ ਅਧਾਰ ਉੱਤੇ ਕੁੱਤੀ ਨੂੰ ਲੱਭ ਲਿਆ ਜਾਵੇਗਾ, ਫਿਲਹਾਲ ਸੁਰਿੰਦਰਪਾਲ ਸਿੰਘ ਅਜੇ ਫਰਾਰ ਹੈ।