ਲੁਧਿਆਣਾ ਵਿੱਚ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਉੱਤੇ ਲਾਡੋਵਾਲ ਟੋਲ ਪਲਾਜ਼ਾ ਉੱਤੇ ਜਾਮ ਲਾਉਣ ਵਾਲੇ 250 ਪ੍ਰਦਰਸ਼ਨਕਾਰੀਆਂ ਉੱਤੇ ਮਾਮਲਾ ਦਰਜ ਕੀਤਾ ਹੈ। ਇੱਕ ਦਿਨ ਪਹਿਲਾਂ ਟਰੱਕ ਯੂਨੀਅਨ ਤੇ ਪੱਲੇਦਾਰ ਯੂਨੀਅਨ ਨੇ ਅਨਾਜ ਨੀਤੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਇਸ ਮੌਕੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਵੀ ਕੀਤਾ ਸੀ ਤੇ ਹੁਣ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪ੍ਰਦਰਸ਼ਨਕਾਰੀਆਂ ਦੀ ਪਹਿਚਾਨ ਕਰੇਕ ਉਨ੍ਹਾਂ ਨੂੰ ਨਾਮਜ਼ਦ ਕਰ ਰਹੀ ਹੈ।
ਲੀਡਰਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ਹਾਸਲ ਕਰੇਗੀ ਪੁਲਿਸ
ਫਿਲਹਾਲ ਪੁਲਿਸ ਨੇ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮਖ ਸਿੰਘ ਸੰਧੂ, ਸ਼ਾਹਕੋਟ ਯੂਨੀਅਨ ਪ੍ਰਧਾਨ ਪ੍ਰੇਮ ਲਾਲ, ਗੁਰਬਚਨ ਸਿੰਘ, ਕੁਲਦੀਪ ਸਿੰਘ ਨੂੰ ਨਾਮਜ਼ਦ ਕੀਤੀ ਹੈ। ਜਿਨ੍ਹਾਂ ਵਿੱਚੋਂ ਗੁਰਮੁਖ ਸਿੰਘ ਸੰਧੂ, ਪ੍ਰੇਮ ਲਾਲ, ਗੁਰਬਚਨ ਸਿੰਘ ਤੇ ਕੇਵਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।
ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਕੀਤਾ ਸੀ ਲਾਠੀਚਾਰਜ
ਜ਼ਿਕਰ ਕਰ ਦਈਏ ਕਿ ਟਰੱਕ ਆਪਰੇਟਰਾਂ ਨੇ ਵੀਰਵਾਰ ਦੁਪਿਹਰ 12 ਵਜੇ ਤੋਂ 4 ਵਜੇ ਤੱਕ ਚੱਕਾ ਜਾਮ ਦਾ ਐਲਾਨ ਕੀਤਾ ਸੀ। ਇਸ ਮੌਕੇ ਪੁਲਿਸ ਨੇ ਇਨ੍ਹਾਂ ਨੂੰ ਰੋਕਿਆ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਪੱਲੇਦਾਰ ਯੂਨੀਅਨ ਦੇ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਤੋਂ ਬਾਅਦ ਭੜਕੇ ਪ੍ਰਦਰਸ਼ਨਕਾਰੀਆਂ ਨੇ ਹਾਈਵੇ ਜਾਮ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਸਮਝਾਇਆ ਗਿਆ ਪਰ ਉਹ ਨਹੀਂ ਸਮਝੇ ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਉੱਥੋਂ ਉਠਾਇਆ ਤੇ ਹੁਣ ਇਸ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ