ਪਾਕਿਸਤਾਨ ਦੇ ਅਟਕ ਜ਼ਿਲ੍ਹੇ ਦੇ ਢੇਰੀ ਕੋਟ ਇਲਾਕੇ ਵਿੱਚ ਵੀਰਵਾਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸਕੂਲ ਵੈਨ ਉੱਤੇ ਗੋਲੀਬਾਰੀ ਕਰਨ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਪੰਜ ਜ਼ਖ਼ਮੀ ਹੋ ਗਏ। ਪੰਜਾਬ ਰੈਸਕਿਊ 1122 ਨੇ ਇਸ ਦੀ ਪੁਸ਼ਟੀ ਕੀਤੀ ਹੈ। ਘਟਨਾ ਵਿੱਚ ਜ਼ਖਮੀ ਛੇਵਾਂ ਵਿਅਕਤੀ ਸਕੂਲ ਵੈਨ ਦਾ ਡਰਾਈਵਰ ਸੀ। ਜ਼ਖਮੀਆਂ ਅਤੇ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਬੰਦੂਕਧਾਰੀ ਮੌਕੇ ਤੋਂ ਫ਼ਰਾਰ ਹੋ ਗਏ ਹਨ, ਜਦਕਿ ਅਟਕ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।
ਬਚਾਅ ਦਲ ਨੇ ਦੱਸਿਆ ਕਿ ਸਾਰੇ ਬੱਚਿਆਂ ਦੀ ਉਮਰ 10 ਤੋਂ 12 ਸਾਲ ਦੇ ਵਿਚਕਾਰ ਸੀ। ਖੇਤਰੀ ਪੁਲਿਸ ਅਧਿਕਾਰੀ (ਆਰਪੀਓ) ਬਾਬਰ ਸਰਫਰਾਜ਼ ਅਲਪਾ ਨੇ ਕਿਹਾ ਕਿ ਇਹ ਘਟਨਾ “ਨਿੱਜੀ ਦੁਸ਼ਮਣੀ” ਕਾਰਨ ਵਾਪਰੀ ਹੈ। ਗੋਲੀ ਡਰਾਈਵਰ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ ਪਰ ਇਸ ਨਾਲ ਬੱਚਿਆਂ ਨੂੰ ਵੀ ਨੁਕਸਾਨ ਪਹੁੰਚਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਇੱਕ ਜ਼ਾਲਮ ਅਤੇ ਸ਼ਰਮਨਾਕ ਕਾਰਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਨਾਲ-ਨਾਲ ਜ਼ਖਮੀ ਬੱਚਿਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਵੀ ਕੀਤੀ।