ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਨੇ ਪੰਚਾਇਤ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਿਲਰਾਜ ਸਿੰਘ ਨੇ ਵੱਖ-ਵੱਖ ਅਧਿਕਾਰੀਆਂ ਦੇ ਤਬਾਦਲਿਆਂ ਦੇ ਨਿਰਦੇਸ਼ ਜਾਰੀ ਕੀਤੇ ਹਨ।
ਜਿਸ ਤਹਿਤ ਅਰੁਣ ਕੁਮਾਰ ਏਡੀਸੀ (ਪੇਂਡੂ ਵਿਕਾਸ) ਫਿਰੋਜ਼ਪੁਰ ਨੂੰ ਮੁੱਖ ਦਫ਼ਤਰ ਮੁਹਾਲੀ, ਗੁਰਪ੍ਰੀਤ ਸਿੰਘ ਗਿੱਲ ਏਡੀਸੀ (ਪੇਂਡੂ ਵਿਕਾਸ) ਹੁਸ਼ਿਆਰਪੁਰ ਨੂੰ ਏਡੀਸੀ (ਪੇਂਡੂ ਵਿਕਾਸ) ਗੁਰਦਾਸਪੁਰ, ਜਸਵੰਤ ਵੜੈਚ ਨੂੰ ਡੀਡੀਪੀਓ ਮਾਨਸਾ, ਹਰਜਿੰਦਰ ਸਿੰਘ ਨੂੰ ਡੀਡੀਪੀਓ ਫਿਰੋਜ਼ਪੁਰ ਤੇ ਵਾਧੂ ਚਾਰਜ ਏਡੀਸੀ (ਪੇਂਡੂ ਵਿਕਾਸ) ਫਿਰੋਜ਼ਪੁਰ, ਸੁਖਬੀਰ ਕੌਰ ਡੀਡੀਪੀਓ ਹੁਸ਼ਿਆਰਪੁਰ ਨੂੰ ਉਪ ਮੁੱਖ ਕਾਰਜਕਾਰੀ ਅਫਸਰ ਜਲੰਧਰ, ਅਮਨਦੀਪ ਕੌਰ ਡੀਡੀਪੀਓ ਪਟਿਆਲਾ ਨੂੰ ਉਪ ਮੁੱਖ ਕਾਰਜਕਾਰੀ ਅਫਸਰ ਤੇ ਪਿਆਰ ਸਿੰਘ ਬੀਡੀਪੀਓ ਖੰਨਾ ਨੂੰ ਬੀਡੀਪੀਓ ਖੰਨਾ ਅਤੇ ਵਾਧੂ ਚਾਰਜ ਉਪ ਮੁੱਖ ਕਾਰਜਕਾਰੀ ਅਫਸਰ ਲੁਧਿਆਣਾ ਲਾਇਆ ਗਿਆ ਹੈ।
ਓਧਰ ਪੰਜਾਬ ਸਰਕਾਰ ਨੇ ਵੀ ਪੰਚਾਇਤੀ ਚੋਣਾਂ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਲਈ ਹੈ। ਬੀਤੇ ਦਿਨ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਸੀ। ਜਿਸ ਵਿੱਚ ਇਸ ਮੁੱਦ ‘ਤੇ ਕਾਫ਼ੀ ਲੰਬੀ ਚਰਚਾ ਕੀਤੀ ਗਈ। ਇਸ ਮੀਟਿੰਗ ਤੋਂ ਬਾਅਦ ਖ਼ਬਰ ਸਾਹਮਣੇ ਆ ਰਹੀ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਚੋਣ ਕਮਿਸ਼ਨ ਨੂੰ ਸਰਕਾਰ ਪ੍ਰਪੋਜਲ ਭੇਜਣ ਜਾ ਰਹੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਤੱਕ ਤਰੀਕਾਂ ਦਾ ਐਲਾਨ ਹੋਣ ਦੀ ਉਮੀਦ ਹੈ।
ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਸੀ। ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ CM ਨੇ ਮੀਟਿੰਗ ਵੀ ਲਈ ਸੀ। ਜਿਸ ਵਿੱਚ ਵਿਧਾਇਕਾਂ ਨੂੰ ਪਿੰਡਾਂ ਵਿੱਚ ਜਾਣ ਲਈ ਕਿਹਾ ਗਿਆ ਅਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਹੁਕਮ ਦਿੱਤੇ ਹਨ।