ਪੰਜਾਬੀਆਂ ਨੇ ਕੁੰਡੀਆਂ ਲਾ ਕੇ ਹੀ ਚੁਰਾ ਲਈ 2000 ਕਰੋੜ ਦੀ ਬਿਜਲੀ, ਯੂਨਿਟਾਂ ਘਟਾਉਣ ਲਈ ਲੋਕਾਂ ਦਾ ਜੁਗਾੜ

0
10334
ਪੰਜਾਬੀਆਂ ਨੇ ਕੁੰਡੀਆਂ ਲਾ ਕੇ ਹੀ ਚੁਰਾ ਲਈ 2000 ਕਰੋੜ ਦੀ ਬਿਜਲੀ, ਯੂਨਿਟਾਂ ਘਟਾਉਣ ਲਈ ਲੋਕਾਂ ਦਾ ਜੁਗਾੜ

 

ਪੰਜਾਬ ਵਿੱਚ ਬਿਜਲੀ ਚੋਰੀ: ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੰਜਾਬ ਵਿੱਚ ਬਿਜਲੀ ਚੋਰੀ ਨਹੀਂ ਰੋਕ ਸਕੀ।  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) ਵੱਲੋਂ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਪੰਜਾਬੀ ਕੁੰਡੀ ਲਾ ਕੇ ਰੋਜ਼ਾਨਾ ਲਗਪਗ 5.5 ਕਰੋੜ ਦੀ ਬਿਜਲੀ ਚੋਰੀ ਕਰ ਰਹੇ ਹਨ।  ਸਾਲ 2024-25 ਦੇ ਨੌਂ ਮਹੀਨਿਆਂ ’ਚ 2,000 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਚੋਰੀ ਹੋਈ ਹੈ। ਇਸ ਨਾਲ ਵੱਡਾ ਝਟਕਾ ਪੀਐਸਪੀਸੀਐਲ ਨੂੰ ਲੱਗ ਰਿਹਾ ਹੈ।

ਹਾਸਲ ਜਾਣਕਾਰੀ ਮੁਤਾਬਕ ਪੀਐਸਪੀਸੀਐਲ ਦੇ ਬਾਰਡਰ ਤੇ ਪੱਛਮੀ ਜ਼ੋਨਾਂ ’ਚ 77 ਫ਼ੀਸਦ ਫੀਡਰ ਘਾਟੇ ਵਾਲੇ ਹਨ, ਜਿੱਥੇ ਉਕਤ ਸਮੇਂ ਦੌਰਾਨ ਪਾਵਰਕੌਮ ਨੂੰ 1,442 ਕਰੋੜ ਦਾ ਝਟਕਾ ਲੱਗਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2015-16 ਵਿੱਚ ਬਿਜਲੀ ਚੋਰੀ ਨਾਲ ਘਾਟਾ 1,200 ਕਰੋੜ ਰੁਪਏ ਸੀ ਜੋ ਲੰਘੇ ਵਿੱਤੀ ਸਾਲ ’ਚ 2,050 ਰੁਪਏ ਨੂੰ ਛੂਹ ਗਿਆ ਤੇ ਅੱਗੇ ਹੋਰ ਵਧ ਸਕਦਾ ਹੈ। ਕੁੱਲ 2,000 ਕਰੋੜ ਰੁਪਏ ’ਚੋਂ ਬਹੁਤੀ ਚੋਰੀ ਖਪਤਕਾਰਾਂ ਵੱਲੋਂ ਮੀਟਰ ਰੀਡਿੰਗ 600 ਯੂਨਿਟਾਂ ਤੋਂ ਹੇਠਾਂ ਰੱਖਣ ਦਾ ਨਤੀਜਾ ਹੈ, ਜੋ ਘਰੇਲੂ ਖਪਤਕਾਰਾਂ ਲਈ ਮੁਫ਼ਤ ਹਨ।

ਪੀਐੇਸਪੀਸੀਐਲ ਦੇ ਅੰਕੜਿਆਂ ਮੁਤਾਬਕ ਪੀਐੇਸਪੀਸੀਐਲ ਦੇ ਸਰਹੱਦੀ ਤੇ ਪੱਛਮੀ ਜ਼ੋਨਾਂ ’ਚ ਕੁੱਲ 2099 ਫੀਡਰ ਵਿੱਚੋਂ 77 ਫ਼ੀਸਦ (1,616) ਫੀਡਰਾਂ ’ਚ ਪਿਛਲੇ ਵਿੱਤੀ ਸਾਲ ਦੇ ਨੌਂ ਮਹੀਨਿਆਂ ’ਚ ਪਾਵਰਕੌਮ ਨੂੰ ਲਗਪਗ 1,442 ਕਰੋੜ ਦਾ ਨੁਕਸਾਨ ਹੋਇਆ ਹੈ। ਬਾਰਡਰ ਜ਼ੋਨ ਦੇ ਫੀਡਰਾਂ ’ਚ 80 ਤੋਂ 90 ਫ਼ੀਸਦ ਘਾਟੇ ਵਾਲੇ 19 ਫੀਡਰ ਹਨ, ਜੋ ਤਰਨ ਤਾਰਨ ਸਰਕਲ ਦੀ ਪੱਟੀ ਤੇ ਭਿੱਖੀਵਿੰਡ ਡਵੀਜ਼ਨ ਵਿੱਚ ਹਨ।

ਜਦਕਿ 70 ਤੋਂ 80 ਫ਼ੀਸਦ ਘਾਟੇ ਵਾਲੇ 68 ਫੀਡਰਾਂ ’ਚੋਂ 44 ਬਾਰਡਰ ਜ਼ੋਨ ਤੇ 24 ਪੱਛਮੀ ਜ਼ੋਨ ਵਿੱਚ ਹਨ। ਇਸ ਵਰਗ ’ਚ ਅਜਨਾਲਾ, ਉਪ ਸ਼ਹਿਰੀ ਸਰਕਲ ’ਚ ਪੱਛਮ, ਤਰਨ ਤਾਰਨ ਸਰਕਲ ’ਚ ਪੱਟੀ ਤੇ ਭਿੱਖੀਵਿੰਡ, ਬਠਿੰਡਾ ਸਰਕਲ ’ਚ ਭਗਤਾ ਤੇ ਫਿਰੋਜ਼ਪੁਰ ਸਰਕਲ ’ਚ ਜ਼ੀਰਾ ਗੰਭੀਰ ਡਵੀਜ਼ਨਾਂ ਵਜੋਂ ਸ਼ਾਮਲ ਹਨ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਨੇ 2025-26 ਦੇ ਆਪਣੇ ਟੈਰਿਫ ਹੁਕਮ ’ਚ ਕਿਹਾ ਸੀ ਕਿ ਇਹ ਘਾਟਾ ਬਹੁਤ ਗੰਭੀਰ ਤਸਵੀਰ ਪੇਸ਼ ਕਰਦਾ ਹੈ ਤੇ ਪੀਐਸਪੀਸੀਐਲ ਨੂੰ ਕਾਰਵਾਈ ਕਰਨ ਦੀ ਲੋੜ ਹੈ।

 

LEAVE A REPLY

Please enter your comment!
Please enter your name here