ਵਿਸ਼ਵਾਸ, ਪਾਰਦਰਸ਼ੀ ਪਹੁੰਚ ਅਤੇ ਬਦਲਾਅ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਅੱਜ ਯਾਨੀਕਿ 10 ਜੂਨ ਨੂੰ ‘ਫਾਸਟ ਟਰੈਕ ਪੰਜਾਬ ਪੋਰਟਲ’ ਦੀ ਸ਼ੁਰੂਆਤ ਕਰਨਗੇ। ਇਹ ਪੋਰਟਲ ਨਿਵੇਸ਼ਕਾਂ ਨੂੰ ਅਰਜ਼ੀ ਦੇਣ ਤੋਂ 45 ਦਿਨਾਂ ਦੇ ਅੰਦਰ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਯਕੀਨੀ ਬਣਾਏਗਾ।
ਮੁੱਖ ਮੰਤਰੀ ਨੇ ਕਿਹਾ, “ਇਹ ਸੁਧਾਰ ਅੰਤ ਨਹੀਂ, ਸਗੋਂ ਇੱਕ ਨਵੀਂ ਲਹਿਰ ਦੀ ਸ਼ੁਰੂਆਤ ਹਨ — ਇੱਕ ਅਜਿਹੀ ਲਹਿਰ ਜਿੱਥੇ ਕਾਰੋਬਾਰ ਕਰਨ ਦੀ ਆਸਾਨੀ ਸਿਰਫ ਨਾਅਰਾ ਨਹੀਂ, ਸਗੋਂ ਇੱਕ ਅਮਲੀ ਸਭਿਆਚਾਰ ਬਣਦੀ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਬਹਾਦਰਾਂ, ਨਵੀਨਤਮ ਸੋਚ ਵਾਲਿਆਂ ਅਤੇ ਵੀਰਾਂ ਦੀ ਧਰਤੀ ਰਿਹਾ ਹੈ ਅਤੇ ਹੁਣ ਇਹ ਜਜ਼ਬਾ ਭਾਰਤ ਦੀ ਉਦਯੋਗਿਕ ਕਰਾਂਤੀ ਦੀ ਅਗਵਾਈ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਰ ਨਿਵੇਸ਼ਕ ਲਈ ਇੱਕ ਬਹਾਦਰ ਐਲਾਨ ਹੈ ਕਿ ਪੰਜਾਬ ਆਪਣੇ ਨਿਯਮਾਂ ਅਤੇ ਪੂਰੀ ਵਚਨਬੱਧਤਾ ਦੇ ਨਾਲ ਕਾਰੋਬਾਰ ਲਈ ਤਿਆਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਾਸਟ ਟਰੈਕ ਪੰਜਾਬ ਪੋਰਟਲ ਸਿਰਫ ਤਕਨੀਕੀ ਅੱਪਗ੍ਰੇਡ ਨਹੀਂ, ਸਗੋਂ ਇੱਕ ਨਵੇਂ ਉਦਯੋਗਿਕ ਪ੍ਰਸ਼ਾਸਨ ਮਾਡਲ ਦੀ ਰੀੜ ਦੀ ਹੱਡੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਹੁਣ ਵਿਚਾਰਧਾਰਾ ਨੂੰ ਅਨੁਸ਼ਾਸਨ ਵਿੱਚ, ਦੇਰੀ ਨੂੰ ਡਿਜੀਟਲ ਵਿੱਚ ਅਤੇ ਉਲਝਣਾਂ ਨੂੰ ਸਾਫ਼ਗੋਈ ਵਿੱਚ ਤਬਦੀਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 45 ਦਿਨਾਂ ਦੇ ਅੰਦਰ ਮਨਜ਼ੂਰੀਆਂ ਪ੍ਰਾਪਤ ਕਰਨ ਤੋਂ ਲੈ ਕੇ ਲਾਲਫੀਤਾ ਸ਼ਾਹੀ ਨੂੰ ਖਤਮ ਕਰਨ ਤੱਕ, ਪੰਜਾਬ ਦੀ ਪ੍ਰਣਾਲੀ ਹੁਣ ਆਮ ਨਹੀਂ ਰਹੀ, ਸਗੋਂ ਇਹ ਸਰਗਰਮ, ਸਹੀ ਅਤੇ ਪੇਸ਼ੇਵਰ ਬਣ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਚਾਹੇ ਨਿਵੇਸ਼ਕ ਸਟਾਰਟਅੱਪ ਫਾਊਂਡਰ ਹੋਵੇ, ਕੋਈ ਅੰਤਰਰਾਸ਼ਟਰੀ ਕੰਪਨੀ ਜਾਂ ਉਦਮੀ, ਪੰਜਾਬ ਉਨ੍ਹਾਂ ਦਾ ਸਿਰਫ ਵਿੱਤੀ ਪ੍ਰੋਤਸਾਹਨਾਂ ਨਾਲ ਨਹੀਂ, ਸਗੋਂ ਇਮਾਨਦਾਰੀ ਅਤੇ ਨੀਅਤ ਨਾਲ ਵੀ ‘ਜੀ ਆਇਆ ਨੂੰ’ ਕਹਿੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਪ੍ਰਣਾਲੀ ਚੁੱਪਚਾਪ ਅਤੇ ਸੁਚੱਜੀ ਤਰੀਕੇ ਨਾਲ ਚੱਲੇ, ਤਾਂ ਸਮਝਣਾ ਚਾਹੀਦਾ ਹੈ ਕਿ ਕੰਮ ਠੀਕ ਹੋ ਰਿਹਾ ਹੈ। ਇਸ ਲਈ ਕਿਸੇ ਵੀ ਨਿਵੇਸ਼ਕ ਨੂੰ ਇਹ ਅਹਿਸਾਸ ਨਹੀਂ ਹੋਣਾ ਚਾਹੀਦਾ ਕਿ ਉਸਦੀ ਸੁਣਵਾਈ ਨਹੀਂ ਹੋ ਰਹੀ।
ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਤੇਜ਼, ਆਤਮ-ਘੋਸ਼ਣਾ ਰਾਹੀਂ ਯੋਗ, ਡਿਜੀਟਲ ਤਸਦੀਕ ਰਾਹੀਂ ਪ੍ਰਮਾਣਿਕ ਅਤੇ ਕਾਨੂੰਨੀ ਤੌਰ ‘ਤੇ ਮਜ਼ਬੂਤ ਬਣਾਇਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦਾ ਮੰਨਣਾ ਹੈ ਕਿ ਉਦਯੋਗ ਸਿਰਫ ਕਾਗਜ਼ੀ ਕਾਰਵਾਈਆਂ ਨਾਲ ਨਹੀਂ ਚਲਦੇ, ਸਗੋਂ ਇਹ ਸੜਕਾਂ, ਬਿਜਲੀ, ਲੋਕਾਂ ਅਤੇ ਵਿਸ਼ਾਲ ਦ੍ਰਿਸ਼ਟਿਕੋਣ ਰਾਹੀਂ ਵਿਕਸਿਤ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਉਦਯੋਗਿਕ ਪਾਰਕਾਂ ਵਿੱਚ ਨਿਵੇਸ਼ ਕਰ ਰਹੀ ਹੈ, ਜ਼ਮੀਨਾਂ ਦੀ ਸੰਭਾਵਨਾ ਦੀ ਪੜਚੋਲ ਕਰ ਰਹੀ ਹੈ, ਲੀਜ਼-ਟੂ-ਫ੍ਰੀਹੋਲਡ ਨੀਤੀ ਨੂੰ ਲਾਗੂ ਕਰ ਰਹੀ ਹੈ ਅਤੇ ਉਦਯੋਗਿਕ ਸੰਪਤੀਆਂ ਦੇ ਮੋਨਿਟਾਈਜ਼ੇਸ਼ਨ ਦੇ ਨਵੇਂ ਮੌਕੇ ਪੈਦਾ ਕਰ ਰਹੀ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ 200 ਕਰੋੜ ਰੁਪਏ ਦਾ ਆਧਾਰਭੂਤ ਢਾਂਚਾ ਫੰਡ ਸਥਾਪਤ ਕੀਤਾ ਗਿਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਦਯੋਗਿਕ ਫੋਕਲ ਪਾਇੰਟਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਘਾਟ ਨਿਵੇਸ਼ਕਾਂ ਲਈ ਰੁਕਾਵਟ ਨਾ ਬਣੇ।