ਪੰਜਾਬ ‘ਚ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਜਥੇਦਾਰ ਦਾ ਉਪਰਾਲਾ, ਕਿਹਾ- ਗ਼ਰੀਬ ਸਿੱਖਾਂ ਦੇ ਘਰਾਂ ਤੋਂ ਆਰੰਭੀ

0
10013
ਪੰਜਾਬ 'ਚ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਜਥੇਦਾਰ ਦਾ ਉਪਰਾਲਾ, ਕਿਹਾ- ਗ਼ਰੀਬ ਸਿੱਖਾਂ ਦੇ ਘਰਾਂ ਤੋਂ ਆਰੰਭੀ

ਖ਼ਾਲਸਾਈ ਸ਼ਾਨ ਤੇ ਜਾਹੋ-ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਵਿੱਚ ਹੋ ਰਹੇ ਧਰਮ ਪਰਿਵਾਰ ਦਾ ਮੁੱਦਾ ਚੁੱਕਿਆ। ਇਸ ਨੂੰ ਲੈ ਕੇ ਉਨ੍ਹਾਂ ਨੇ ਪੰਥਕ ਏਕਤਾ ਦਾ ਸੁਨੇਹਾ ਦਿੱਤਾ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੌਮ ਨੂੰ ਪੰਥਕ ਏਕਤਾ ਦਾ ਸੰਦੇਸ਼ ਦਿੰਦਿਆਂ ਐਲਾਨ ਕੀਤਾ ਕਿ ਆਉਣ ਵਾਲੀ ਵਿਸਾਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਹੇਠ ਗ਼ਰੀਬ ਸਿੱਖਾਂ ਦੇ ਘਰਾਂ ਤੋਂ ਧਰਮ ਪ੍ਰਚਾਰ ਲਹਿਰ ਅਰੰਭੀ ਜਾਵੇਗੀ। ਉਨ੍ਹਾਂ ਗੁਰਮੁਖੀ ਪੰਜਾਬੀ ਨੂੰ ਚੁਣੌਤੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਕੀਦ ਕੀਤੀ ਕਿ ਕੇਂਦਰ ਸਰਕਾਰ ਦੀ ਨਵੀਂ ਸਿਖਿਆ ਨੀਤੀ ਦੀ ਪੜਚੋਲ ਕਰਨ ਲਈ ਅਕਾਦਮਿਕ ਵਿਦਵਾਨਾਂ ਦੀ ਬੈਠਕ ਬੁਲਾ ਕੇ ਇਹ ਦੱਸਿਆ ਜਾਵੇ ਕਿ ਪੰਜਾਬ ਦੇ ਸਦੰਰਭ ਵਿੱਚ ਇਸ ਨੀਤੀ ਅੰਦਰ ਕੀ ਕੀ ਸੁਧਾਰ ਲੋੜੀਂਦੇ ਹਨ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਨਿਆਰੇ ਖ਼ਾਲਸੇ ਪੰਥ ਨੂੰ ਸਮੇਂ-ਸਮੇਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ ਅਤੇ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦਾ ਦਰਿਆ ਵੀ ਵਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਬਾਣੀ ਨਾਲ ਜੁੜਨ ਦੀ ਸਿਖਿਆ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸਿੱਖ ਜਿਨ੍ਹਾਂ ਨੇ ਬੰਦ-ਬੰਦ ਕਟਵਾਇਆ, ਚਰਖੜੀਆਂ ਉੱਤੇ ਚੜ੍ਹੇ, ਪਰ ਆਪਣਾ ਧਰਮ ਨਹੀਂ ਛੱਡਿਆ, ਜਦੋਂ ਉਹ ਆਪਣਾ ਸ਼ਾਨਾਮੱਤਾ ਸ਼ਹੀਦੀਆਂ ਭਰਿਆ ਇਤਿਹਾਸ ਭੁੱਲੇ ਹਨ ਤਾਂ ਉਨ੍ਹਾਂ ਦਾ ਵੱਡੇ ਪੱਧਰ ਉੱਤੇ ਪੰਜਾਬ ਅੰਦਰ ਧਰਮ ਪਰਿਵਰਤਨ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫਸੋਸ ਵਾਲੀ ਗੱਲ ਇਹ ਹੈ ਕਿ ਜਿਹੜਾ ਮਾਝਾ ਸਿੱਖੀ ਦਾ ਗੜ੍ਹ ਹੈ, ਇਹ ਕੰਮ ਉੱਥੇ ਵੀ ਹੋ ਰਿਹਾ ਹੈ। ਅੱਜ ਲੋੜ ਹੈ ਆਪਣੇ ਧਰਮ ਵਿੱਚ ਪਰਪੱਕ ਹੋਈਏ।

ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੁੜਨ ਅਤੇ ਪੰਥਕ ਏਕਤਾ ਦੀ ਲੋੜ ਹੈ। ਉਨ੍ਹਾਂ ਕਿਹਾ ਜੇਕਰ ਮੌਜੂਦਾ ਚੁਣੌਤੀਆਂ ਨਾਲ ਨਜਿੱਠਣਾ ਹੈ ਤਾਂ ਪੰਥਕ ਏਕਤਾ ਹੀ ਹੱਲ ਹੈ। ਉਨ੍ਹਾਂ ਅੱਜ ਦੇ ਦਿਨ ਦਿੱਲੀ ਫ਼ਤਿਹ ਦਿਵਸ ਮੌਕੇ ਸ. ਬਘੇਲ ਸਿੰਘ ਜੀ, ਸ. ਜੱਸਾ ਸਿੰਘ ਜੀ ਆਹਲੂਵਾਲੀਆ, ਸ. ਜੱਸਾ ਸਿੰਘ ਜੀ ਰਾਮਗੜ੍ਹੀਆ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਿੱਖ ਜਰਨੈਲਾਂ ਵਿਚਕਾਰ ਏਕਤਾ ਸੀ ਤਾਂ ਹੀ ਉਨ੍ਹਾਂ ਨੇ ਦਿੱਲੀ ਫ਼ਤਿਹ ਕੀਤੀ। ਉਨ੍ਹਾਂ ਕਿਹਾ ਕਿ ਏਕਤਾ ਗੁਰਬਾਣੀ ਅਤੇ ਸਿੱਖ ਰਵਾਇਤਾਂ ਦੀ ਰੋਸ਼ਨੀ ਵਿੱਚੋਂ ਹੋਵੇਗੀ।

ਜਥੇਦਾਰ ਗੜਗੱਜ ਨੇ ਐਲਾਨ ਕੀਤਾ ਕਿ 2025 ਦੀ ਆ ਰਹੀ ਵਿਸਾਖੀ – ਖ਼ਾਲਸਾ ਸਾਜਨਾ ਦਿਵਸ ਉੱਤੇ ਇੱਕ ਵੱਡੀ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਜਾਵੇਗੀ। ਧਰਮ ਪ੍ਰਚਾਰ ਦੀ ਇਹ ਲਹਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਸਾਹਿਬ ਹੇਠ ਗ਼ਰੀਬ ਸਿੱਖਾਂ ਦੇ ਘਰ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਸਮੁੱਚੇ ਪੰਥ ਨੂੰ ਤਾਕੀਦ ਹੈ ਕਿ ਇਸ ਲਹਿਰ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here