ਟਰੈਵਲ ਏਜੰਟ ਖਿਲਾਫ ਸਖਤ ਕਾਰਵਾਈ: ਅਮਰੀਕਾ ਤੋਂ ਡਿਪੋਟ ਹੋ ਕੇ ਵਾਪਸ ਪਰਤੇ ਨੌਜਵਾਨਾਂ ’ਚ ਅਜਿਹੇ ਨੌਜਵਾਨ ਵੀ ਹਨ ਜਿਨ੍ਹਾਂ ਨੂੰ ਟਰੈਵਲ ਏਜੰਟਾਂ ਨੇ ਧੋਖਾਧੜੀ ਦੇ ਨਾਲ ਵਿਦੇਸ਼ ਭੇਜਿਆ ਸੀ। ਹੁਣ ਵਾਪਸ ਪਰਤੇ ਨੌਜਵਾਨਾਂ ਵੱਲੋਂ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ’ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਥਾਣਾ ਰਾਜਾਸਾਂਸੀ ਨਾਲ ਸੰਬੰਧਿਤ ਦਲੇਰ ਸਿੰਘ ਵਾਸੀ ਸਲੇਮਪੁਰ ਵੱਲੋਂ ਏਜੰਟ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਏਜੰਟ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਕੋਟਲੀ ਖਹਿਰਾ ਖਿਲਾਫ ਐਫਆਈਆਰ ਦਰਜ ਕੀਤਾ ਗਿਆ ਹੈ।
ਫਿਲਹਾਲ ਇਹ ਕੋਈ ਇੱਕ ਮਾਮਲਾ ਨਹੀਂ ਹੈ ਗੁਆਂਢੀ ਸੂਬੇ ਹਰਿਆਣਾ ਦੇ ਕਰਨਾਲ ’ਚ ਵੀ 4 ਏਜੰਟਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਤਿੰਨ ਲੋਕਾਂ ਨੇ ਏਜੰਟਾਂ ਖਿਲਾਫ ਐਫਆਈਆਰ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਮੀਗ੍ਰੇਸ਼ਨ ਐਕਟ ਤਹਿਤ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਸ਼ਿਕਾਇਤਕਰਤਾਵਾਂ ਅਤੇ ਮੁਲਜ਼ਮਾਂ ਦਾ ਨਾਂ ਨਹੀਂ ਦੱਸਿਆ ਹੈ। ਹਾਲਾਂਕਿ ਪੁਲਿਸ ਨੇ ਮਧੁਬਨ, ਰਾਮ ਨਗਰ ਅਤੇ ਅਸੰਧ ਥਾਣੇ ’ਚ ਐਫਆਈਆਰ ਦਰਜ ਕੀਤੀ ਗਈ ਹੈ।
ਮਾਮਲੇ ਸਬੰਧੀ ਡੀਐਸਪੀ ਰਾਜੀਵ ਨੇ ਕਿਹਾ ਕਿ ਪਹਿਲਾਂ ਵੀ ਕਈ ਕਬੂਤਰਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਈ ਲੋਕਾਂ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ।