ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਨੂੰ ਲੈ ਕੇ ਹਰ ਪਾਰਟੀ ਪੱਬਾਂ ਭਾਰ ਹੋਈ ਪਈ ਹੈ। ਇਸ ਲਈ ਪ੍ਰਸ਼ਾਸ਼ਨ ਵੱਲੋਂ ਵੋਟ ਪਾਉਣ ਦੀ ਸਹੂਲਤ ਲਈ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135-ਬੀ (1) ਦੇ ਤਹਿਤ 19 ਜੂਨ, 2025 ਨੂੰ ਪੇਡ ਲੀਵ ਦਾ ਐਲਾਨ ਕੀਤਾ ਗਿਆ ਹੈ। ਇਹ ਉਦਯੋਗਿਕ ਅਦਾਰਿਆਂ, ਕਾਰੋਬਾਰਾਂ, ਵਪਾਰਾਂ, ਦੁਕਾਨਾਂ ਜਾਂ ਹੋਰ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ‘ਤੇ ਲਾਗੂ ਹੁੰਦਾ ਹੈ ਜਿਨ੍ਹਾਂ ਵਿੱਚ ਸ਼ਿਫਟ ਦੇ ਆਧਾਰ ‘ਤੇ ਕੰਮ ਕਰਨ ਵਾਲੇ ਵੀ ਸ਼ਾਮਲ ਹਨ ਜੋ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਪੋਲਿੰਗ ਵਾਲੇ ਦਿਨ ਵੋਟ ਪਾਉਣ ਦੇ ਹੱਕਦਾਰ ਹਨ।
ਇਨ੍ਹਾਂ ਲੋਕਾਂ ਨੂੰ ਮਿਲੇਗੀ ਛੁੱਟੀ ਦੀ ਲਾਭ
ਲੁਧਿਆਣਾ ਪੱਛਮੀ ਹਲਕੇ ਵਿੱਚ ਵੋਟਰਾਂ ਵਜੋਂ ਰਜਿਸਟਰਡ ਕਰਮਚਾਰੀ, ਹਲਕੇ ਤੋਂ ਬਾਹਰ ਕੰਮ ਕਰਨ ਵਾਲੇ ਕਰਮਚਾਰੀ (ਜਿਵੇਂ ਕਿ ਉਦਯੋਗਿਕ ਜਾਂ ਹੋਰ ਅਦਾਰਿਆਂ ਵਿੱਚ) ਵੀ ਇਸ ਪੇਡ ਲੀਵ ਦੇ ਹੱਕਦਾਰ ਹਨ। ਇਹ ਵਿਵਸਥਾ ਰੋਜ਼ਾਨਾ ਮਜ਼ਦੂਰੀ ਅਤੇ ਆਮ ਕਾਮਿਆਂ ‘ਤੇ ਵੀ ਲਾਗੂ ਹੁੰਦੀ ਹੈ ਜਿਵੇਂ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135ਬੀ ਦੁਆਰਾ ਲਾਜ਼ਮੀ ਕੀਤਾ ਗਿਆ ਹੈ।
19 ਜੂਨ ਨੂੰ ਹੋਏਗੀ ਵੋਟਿੰਗ
ਦੱਸ ਦਈਏ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 19 ਜੂਨ ਨੂੰ ਹੋਣ ਵਾਲੀ ਵੋਟਿੰਗ ਦੌਰਾਨ ਕੁੱਲ 1,74,437 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪ੍ਰਸ਼ਾਸਨ ਵੋਟਿੰਗ ਦੀ ਸਹੂਲਤ ਲਈ 66 ਥਾਵਾਂ ’ਤੇ 192 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।
ਵੋਟਰ ਗਿਣਤੀ ਵਿੱਚ 89,602 ਪੁਰਸ਼, 84,825 ਔਰਤਾਂ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਵਿੱਚ ਤੀਜੇ ਲਿੰਗ ਵਜੋਂ ਪਛਾਣੇ ਜਾਣ ਵਾਲੇ ਦਸ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ ਵੋਟਰਾਂ ਵਿੱਚ 100 ਸੇਵਾ ਵੋਟਰ, 2,039 ਸੀਨੀਅਰ ਨਾਗਰਿਕ, 2,896 ਨੌਜਵਾਨ ਵੋਟਰ (18-19 ਸਾਲ ਦੀ ਉਮਰ), 17 ਵਿਦੇਸ਼ੀ ਵੋਟਰ ਅਤੇ 1,234 ਅਪਾਹਜ ਵਿਅਕਤੀ (PWD) ਸ਼ਾਮਲ ਹਨ।
ਵੋਟਿੰਗ ਲਈ ਜਾਣੋ ਸਮਾਂ
ਵੋਟਿੰਗ ਦੇ ਤਜਰਬੇ ਨੂੰ ਵਧਾਉਣ ਲਈ ਪ੍ਰਸ਼ਾਸਨ ਦਸ ਮਾਡਲ ਪੋਲਿੰਗ ਬੂਥ ਸਥਾਪਤ ਕਰੇਗਾ। ਪੋਲਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ। ਜ਼ਿਮਨੀ ਚੋਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਮੀਦਵਾਰ ਸੂਬੇ ਅੰਦਰ ਕਿਸੇ ਵੀ ਹਲਕੇ ‘ਚ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ। ਜਨਰਲ ਵਰਗ ਦੇ ਉਮੀਦਵਾਰਾਂ ਲਈ ਦੱਸ ਹਜ਼ਾਰ ਰੁਪਏ ਅਤੇ ਐਸਸੀ, ਐਸਟੀ ਉਮੀਦਵਾਰਾਂ ਲਈ 5,000 ਰੁਪਏ ਦੀ ਸੁਰੱਖਿਆ ਜਮ੍ਹਾਂ ਰਾਸ਼ੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਜਾਂ ਮੌਕੇ ’ਤੇ ਜਮ੍ਹਾਂ ਕਰਵਾਉਣੀ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਵਿਧਾਨ ਸਭਾ ਹਲਕੇ ਲਈ ਚੋਣ ਖਰਚਿਆਂ ਦੀ ਵੱਧ ਤੋਂ ਵੱਧ ਸੀਮਾ 40 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।