ਪੰਜਾਬ ਬੰਦ: ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਆਪਣੀਆ ਹੱਕੀ ਮੰਗਾਂ ਲਈ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੰਗਠਨਾਂ ਵਲੋਂ 30 ਦਸੰਬਰ ਯਾਨੀਕਿ ਸੋਮਵਾਰ ਨੂੰ ਪੰਜਾਬ ਬੰਦ ਕਰਨ ਦੀ ਜੋ ਕਾਲ ਦਿੱਤੀ ਗਈ ਹੈ, ਵੱਖ-ਵੱਖ ਜੱਥੇਬੰਦੀਆਂ ਵੱਡੀ ਹਮਾਇਤ ਮਿਲ ਰਹੀ ਹੈ। ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ਬੰਦ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਜਿਸ ਦੇ ਚੱਲਦੇ ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਨੇ ਵੀ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ।
ਮਿੰਨੀ ਬੱਸਾਂ ਵਾਲਿਆਂ ਵੱਲੋਂ ਪੰਜਾਬ ਬੰਦ ਨੂੰ ਸਮਰਥਨ
ਅੱਜ ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਤੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਸੈਂਸਰਾ ਨੇ ਆਖਿਆ ਕਿ ਕਿਸਾਨਾ ਦੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆ ਵਲੋਂ 30 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ ਉਸ ਨੂੰ ਅਸੀਂ ਪੂਰਨ ਤੌਰ ’ਤੇ ਸਮਰਥਨ ਦੇਵਾਂਗੇ ਕਿਉਂਕਿ ਦਿਨੋਂ ਦਿਨ ਕਰਜ਼ੇ ਦੀ ਮਾਰ ਹੇਠ ਆ ਰਹੇ ਕਿਸਾਨ ਨੂੰ ਬਚਾਉਣਾ ਬਹੁਤ ਹੀ ਜ਼ਰੂਰੀ ਹੈ।
ਕਿਸਾਨਾਂ ਨੇ ਬੰਦ ਨੂੰ ਸਮਰਥਨ ਦੇਣ ਲਈ ਲੋਕਾਂ ਨੂੰ ਕੀਤੀ ਅਪੀਲ
ਪ੍ਰਧਾਨ ਬੱਬੂ ਅਤੇ ਸੈਂਸਰਾ ਨੇ ਕਿਹਾ ਕਿ ਕਿਸਾਨਾਂ ਦੀਆ ਮੰਗਾਂ ਮਨਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠੇ ਹਨ ਪਰ ਕੇਂਦਰ ਸਰਕਾਰ ’ਤੇ ਇਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ 30 ਦਸਬੰਰ ਨੂੰ ਅੰਮ੍ਰਿਤਸਰ ਜ਼ਿਲ੍ਹੇ ’ਚ ਕੋਈ ਵੀ ਬੱਸ ਨਹੀਂ ਚੱਲੇਗੀ ਅਤੇ ਇਸ ਦਿਨ ਆਮ ਲੋਕਾਂ ਨੂੰ ਵੀ ਆਪਣੇ ਕਾਰੋਬਾਰ ਬੰਦ ਰੱਖ ਕੇ ਕਿਸਾਨ ਜਥੇਬੰਦੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਸਮੇਂ ਸਰਬਜੀਤ ਸਿੰਘ ਤਰਸਿੱਕਾ, ਹਰਜੀਤ ਸਿੰਘ ਝਬਾਲ, ਸਾਧੂ ਸਿੰਘ ਧਰਮੀਫੋਜੀ, ਸੁਖਬੀਰ ਸਿੰਘ ਸੋਹਲ, ਕੁਲਦੀਪ ਸਿੰਘ ਝੰਜੋਟੀ, ਜਰਨੈਲ ਸਿੰਘ ਜੱਜ ਮਜੀਠਾ, ਗੁਰਦੇਵ ਸਿੰਘ ਕੋਹਾਲਾ, ਨਿਸ਼ਾਨ ਸਿੰਘ ਸਾਬਾ ਚੋਹਾਨ, ਸੋਨੂੰ ਢਿੱਲੋਂ, ਸਤਨਾਮ ਸਿੰਘ ਸੇਖੋਂ, ਹੀਰਾ ਸਿੰਘ ਬੱਲ, ਹਰਪਿੰਦਰਪਾਲ ਸਿੰਘ ਗੱਗੋਮਾਹਲ, ਕੁਲਵੰਤ ਸਿੰਘ ਢਿੱਲੋਂ, ਸਤਿੰਦਰ ਸਿੰਘ ਸਚਦੇਵਾ ਤੇ ਹੋਰ ਵੀ ਬਹੁਤ ਸਾਰੇ ਆਪ੍ਰੇਟਰ ਹਾਜ਼ਰ ਸਨ ਜਿੰਨਾ ਇਕਜੁੱਟਤਾ ਨਾਲ 30 ਦਸੰਬਰ ਨੂੰ ਬੱਸਾਂ ਦਾ ਮੁਕੰਮਲ ਤੌਰ ’ਤੇ ਚੱਕਾ ਜਾਮ ਰੱਖਣ ਦਾ ਐਲਾਨ ਕੀਤਾ।