ਪੰਜਾਬ ਪੁਲਿਸ 2024 ਦੀਆਂ ਪ੍ਰਾਪਤੀਆਂ: ਨਵੇਂ ਸਾਲ ਦਾ ਆਗਾਜ਼ ਹੋਣ ‘ਚ ਕੁੱਝ ਹੀ ਘੰਟੇ ਬਾਕੀ ਰਹਿ ਗਏ ਹਨ ਤੇ ਨਵੇਂ ਸਾਲ 2025 ਨੂੰ ਲੈ ਕੇ ਹਰ ਸ਼ਖਸ ‘ਚ ਆਪਣੀ ਜ਼ਿੰਦਗੀ ਦੇ ਨਵੇਂ ਪੜ੍ਹਾਅ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਵੀ ਸਾਲ 2024 ਵਿੱਚ ਕਈ ਵਿਲੱਖਣ ਕਾਮਯਾਬੀਆਂ ਹਾਸਲ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਮੰਗਲਵਾਰ ਆਈਜੀ ਸੁਖਚੈਨ ਗਿੱਲ ਨੇ ਲੋਕਾਂ ਸਾਹਮਣੇ ਰੱਖਿਆ।
ਪੰਜਾਬ ਪੁਲਿਸ ਦੇ ਹੈਡਕੁਆਰਟਰ ਚੰਡੀਗੜ੍ਹ ਦਫਤਰ ਵਿਖੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਸਾਲ 2024 ‘ਚ ਪੰਜਾਬ ਪੁਲਿਸ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ, ਜਿਸ ਦੌਰਾਨ ਨਸ਼ਿਆਂ ‘ਤੇ ਨਕੇਲ ਕੱਸਣ ਤੋਂ ਲੈ ਕੇ, ਅੱਤਵਾਦੀ ਮਡਿਊਲਾਂ ਦਾ ਪਰਦਾਫਾਸ਼ ਕਰਨ, ਗੈਂਗਸਟਰਾਂ ਨੂੰ ਫੜਨ ਅਤੇ ਪੰਜਾਬ ਵਿਭਾਗ ਦੀ ਮਜ਼ਬੂਤੀ ‘ਚ ਬਹੁਤ ਵਧੀਆ ਕਦਮ ਚੁੱਕੇ ਹਨ।
ਨਸ਼ੇ ‘ਤੇ ਪੰਜਾਬ ਪੁਲਿਸ ਨੇ ਕੀ ਕੀਤੀ ਕਾਰਵਾਈ?
ਉਨ੍ਹਾਂ ਜਾਣਕਾਰੀ ਦਿੱਤੀ ਕਿ ਨਸ਼ਿਆਂ ‘ਤੇ ਕਾਰਵਾਈ ਕਰਦੇ ਹੋਏ ਪੰਜਾਬ ਭਰ ‘ਚ 6935 FIR ਦਰਜ ਕੀਤੀਆਂ ਗਈਆਂ, ਜਿਸ ਵਿੱਚ 12255 ਮੁਲਜ਼ਮ ਗ੍ਰਿਫਤਾਰ ਕੀਤੇ। ਇਨ੍ਹਾਂ ਵਿਚੋਂ 1213 FIR ਗੁਣਵੱਤਾ ‘ਤੇ ਅਤੇ 6 ਦਰਮਿਆਨੇ ਨਸ਼ਿਆਂ ‘ਤੇ ਆਧਾਰਤ ਸਨ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਮਾਮਲੇ ‘ਚ ਸਭ ਤੋਂ ਵੱਧ 601 ਐਫ਼ਆਈਆਰ ਸਿਰਫ਼ ਬਠਿੰਡਾ ਵਿੱਚ ਦਰਜ ਹੋਈਆਂ, ਜਦਕਿ ਸਭ ਤੋਂ ਘੱਟ 165 ਐਫਆਈਆਰ ਅੰਮ੍ਰਿਤਸਰ ਦਿਹਾਤੀ ‘ਚ ਦਰਜ ਹੋਈਆਂ। ਇਨ੍ਹਾਂ ਕੇਸਾਂ ਵਿਚੋਂ 991 ਵਿੱਚ ਕੋਕੀਨ ਅਤੇ ਮੈਡੀਕਲ ਨਸ਼ੇ ਨੂੰ ਲੈ ਕੇ ਮਾਮਲੇ ਦਰਜ ਕੀਤੇ। ਇਸਤੋਂ ਇਲਾਵਾ 15 ਕਰੋੜ 74 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਖਿਲਾਫ਼ ਕਾਰਵਾਈ ਤਹਿਤ ਮੁਲਜ਼ਮਾਂ ਦੀ 335 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਲੋਕਾਂ ਨੂੰ ਨਸ਼ੇ ਦੇ ਵਿਰੁੱਧ ਜਾਗਰੂਕ ਕਰਨ ਲਈ ਪੰਜਾਬ ਪੁਲਿਸ ਵੱਲੋਂ 23000 ਮੁਹਿੰਮਾਂ ਚਲਾਈਆਂ ਗਈਆਂ।
NDPC ਐਕਟ ਤਹਿਤ ਕਾਰਵਾਈ ਕਰਦੇ ਹੋਏ ਸਰਹੱਦਾਂ ‘ਤੇ ਪੰਜਾਬ ਪੁਲਿਸ ਨੇ 513 ਡਰੋਨ ਦੇਖੇ ਗਏ ਅਤੇ ਡਰੋਨ ਰਾਹੀਂ ਤਸਕਰੀ ਹੁੰਦੀ 185 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸਤੋਂ ਇਲਾਵ ਹੋਰ ਵੀ ਕਈ ਵੱਡੇ ਮਾਮਲੇ ਸੁਲਾਏ ਗਏ ਅਤੇ ਵੱਡੀ ਰਿਕਵਰੀ ਕੀਤੀ ਗਈ।
ਗੈਂਗਸਟਰਾਂ ਖਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ?
ਆਈਜੀ ਨੇ ਦੱਸਿਆ ਕਿ ਗੈਂਗਸਟਰਾਂ ਖਿਲਾਫ਼ ਪੁਲਿਸ ਵੱਲੋਂ ਵਿਸ਼ੇਸ਼ ਤੌਰ ‘ਤੇ AGTF ਦਾ ਗਠਨ ਕੀਤਾ ਗਿਆ। ਪੁਲਿਸ ਦੇ ਇਸ ਵਿੰਗ ਵੱਲੋਂ ਇਸ ਦੌਰਾਨ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਦੇ 198 ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਗਿਆ, ਜਿਸ ਦੌਰਾਨ 559 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ 3 ਗੈਂਗਸਟਰ ਐਨਕਾਊਂਟਰ ‘ਚ ਮਾਰੇ ਗਏ। ਏਜੀਟੀਐਫ਼ ਇਸ ਦੌਰਾਨ 7 ਕਿੱਲੋ ਹੈਰੋਇਨ ਵੀ ਬਰਾਮਦ ਕੀਤੀ।
ਪੰਜਾਬ ‘ਚ ਦਹਿਸ਼ਤੀ ਇਰਾਦਿਆਂ ਅਤੇ ਰਾਸ਼ਟਰੀ ਵਿਰੋਧੀ ਗਤੀਵਿਧੀਆਂ ਨੂੰ ਨਾਕਾਮ ਕਰਦਿਆਂ ਏਜੀਟੀਐਫ਼ ਵੱਲੋਂ ਕਾਰਵਾਈ ਕਰਦੇ ਹੋਏ 12 ਅੱਤਵਾਦੀ ਮਾਡਿਊਲ ਦਾ ਵੀ ਪਰਦਾਫ਼ਾਸ਼ ਕੀਤਾ ਗਿਆ ਅਤੇ 66 ਅੱਤਵਾਦੀਆਂ ਨੂੰ ਰਿਵਾਲਵਰਾਂ ਤੇ ਹੋਰ ਸਮੱਗਰੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ।