ਪੰਜਾਬ ਸਰਕਾਰ ਦੇ ਹੈਲੀਕਾਪਟਰ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ,ਕਾਂਗਰਸ ਅਤੇ ਭਾਜਪਾ ਨੇ ਵੀ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਅਤੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ‘ਤੇ ਸਵਾਲ ਚੁੱਕੇ ਹਨ। ਇਹ ਸਾਰਾ ਵਿਵਾਦ ਇੱਕ ਫੋਟੋ ਨੂੰ ਲੈ ਕੇ ਸ਼ੁਰੂ ਹੋਇਆ ਸੀ।
ਸਵਾਤੀ ਮਾਲੀਵਾਲ ਨੇ ਚੁੱਕੇ ਸਵਾਲ
ਦਰਅਸਲ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ ਵਿੱਚ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ,ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਦਿਖਾਈ ਦੇ ਰਹੇ ਹਨ। ਇਸ ਨੂੰ ਲੈ ਕੇ ਸਵਾਤੀ ਮਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਲਿਖਿਆ- ਪੰਜਾਬ ਸਰਕਾਰ ਦਾ ਹੈਲੀਕਾਪਟਰ ਪੀਲੇ ਰੰਗ ਦਾ ਸੀ, ਕੇਜਰੀਵਾਲ ਜੀ ਨੇ ਇਸਨੂੰ ਟੈਕਸੀ ਹੀ ਸਮਝ ਲਿਆ। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਹੁਣ ਇੱਕ-ਇੱਕ ਕਰਕੇ ਵਿਰੋਧੀ ਪਾਰਟੀਆਂ ਦੇ ਆਗੂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੇ ਹਨ।
ਸੁਖਬੀਰ ਸਿੰਘ ਬਾਦਲ ਨੇ ਵੀ ਚੁੱਕੇ ਸਵਾਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੋਸਟ ਕਰਕੇ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਨਾ ਸਿਰਫ਼ ਸਾਡੇ ਸੂਬੇ ਨੂੰ ਅਰਵਿੰਦ ਕੇਜਰੀਵਾਲ ਅਤੇ ਮੁਨੀਸ਼ ਸੀਸੋਦੀਆ ਦੇ ਹਵਾਲੇ ਕਰਕੇ ਪੰਜਾਬੀਆਂ ਦੇ ਵਿਸ਼ਵਾਸ ਨਾਲ ਧੋਖਾ ਕਰ ਰਿਹਾ ਹੈ, ਬਲਕਿ ਸਰਕਾਰੀ ਹੈਲੀਕਾਪਟਰ ਦੀ ਬੇਲੋੜੀ ਦੁਰਵਰਤੋਂ ਦੀ ਇਜਾਜ਼ਤ ਵੀ ਦੇ ਰਿਹਾ ਹੈ। ਆਪਣੇ ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਦੇ ਪੈਸੇ ਦੀ ਬਰਬਾਦੀ ਕਰਨ ਅਤੇ ਉਨ੍ਹਾਂ ਨੂੰ ਇੱਧਰ-ਉੱਧਰ ਲਿਜਾ ਕੇ ਕੰਡਕਟਰ ਵਜੋਂ ਕੰਮ ਕਰਨ ਨਾਲ ਪੰਜਾਬ ਦਾ ਮਾਣ ਵੀ ਘਟਿਆ ਹੈ। ਪੰਜਾਬੀ ਜਲਦੀ ਹੀ ਤੁਹਾਨੂੰ ਜਵਾਬਦੇਹ ਬਣਾਉਣਗੇ। ਤੁਹਾਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ। ਪੰਜਾਬ ਦੇ ਖਜ਼ਾਨੇ ਦੀ ਕੀਤੀ ਦੁਰਵਰਤੋਂ ਦੇ ਇੱਕ ਇੱਕ ਪੈਸੇ ਦੀ ਵਸੂਲੀ ਤੇਰੇ ਕੋਲੋਂ ਕੀਤੀ ਜਾਵੇਗੀ।
ਮਨਜਿੰਦਰ ਸਿੰਘ ਸਿਰਸਾ ਨੇ ਵੀ ਚੁੱਕੇ ਸਵਾਲ
ਭਾਜਪਾ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਪੋਸਟ ਕਰਕੇ ਲਿਖਿਆ- ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਆਪਣੇ ਦਿੱਲੀ ਦੇ ਆਕਾਵਾਂ ਲਈ ਇੱਕ ਟ੍ਰਾਂਜ਼ਿਟ ਲਾਉਂਜ ਬਣਾ ਦਿੱਤਾ ਹੈ। ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਕੰਟਰੋਲ ਦੇ ਕੇ, ਉਹ ਨਾ ਸਿਰਫ਼ ਪੰਜਾਬੀਆਂ ਦਾ ਭਰੋਸਾ ਤੋੜ ਰਹੇ ਹਨ, ਸਗੋਂ ਮਾਨ ਸਾਹਿਬ ਆਪਣੇ ਅਹੁਦੇ ਅਤੇ ਰਾਜ ਦੀ ਪ੍ਰਭੂਸੱਤਾ ਦਾ ਵੀ ਅਪਮਾਨ ਕਰ ਰਹੇ ਹਨ! ਪੰਜਾਬ ਸਰਕਾਰ ਦੇ ਹੈਲੀਕਾਪਟਰ ਨੂੰ ਆਪਣੇ ਆਕਾਵਾਂ ਲਈ ਟੈਕਸੀ ਦੀ ਤਰ੍ਹਾਂ ਇਸਤੇਮਾਲ ਕਰਨਾ ਅਤੇ ਜਨਤਾ ਦੇ ਪੈਸੇ ਦੀ ਬਰਬਾਦੀ ਕਰਨਾ ਇੱਕ ਗੰਭੀਰ ਵਿਸ਼ਵਾਸਘਾਤ ਹੈ. ਇਸ ਬਦਲਾਵ ਦੀ ਪੰਜਾਬ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ!! ਪੰਜਾਬ ਨਾ ਤਾਂ ਭੁੱਲੇਗਾ ਅਤੇ ਨਾ ਹੀ ਮਾਫ਼ ਕਰੇਗਾ!
ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਚੁੱਕੇ ਸਵਾਲ
ਕਾਂਗਰਸ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਲਿਖਿਆ -ਤਿੰਨੋ ਆਮ ਆਦਮੀ ਇਸ ਵਾਰ ਸਰਕਾਰੀ ਉੱਡਣ ਖਟੋਲੇ ‘ਚ ਉੱਡ ਚੱਲੇ ਪੰਜਾਬ ਦੀ “ਨਸ਼ਾ ਮੁਕਤੀ ਯਾਤਰਾ” ਲਈ ,ਪਾਰਟੀ ਨੇ ਇਸ ਪਵਿੱਤਰ ਮਿਸ਼ਨ ਦੇ ਲਈ ਬਿਲਕੁਲ ਸਹੀ ਲੋਕ ਚੁਣੇ ਹਨ। ਵੈਸੇ ਤਾਂ ਇਨ੍ਹਾਂ ਨੂੰ VIP ਸੁਵਿਧਾਵਾਂ ਤੋਂ ਐਲਰਜੀ ਹੈ. ਲੇਕਿਨ ਕੀ ਕਰੀਏ, ਪੰਜਾਬ ਨੂੰ ਜਲਦੀ ਨਸ਼ਾ ਮੁਕਤ ਕਰਨਾ ਸੀ ਤਾਂ ਕਰਕੇ ਹੈਲੀਕਾਪਟਰ ਵਰਤਣਾ ਪਿਆ। ਆਮ ਆਦਮੀ ਹਨ, ਪਰ ਉੱਡਦੇ ਖਾਸ ਤਰੀਕੇ ਨਾਲ ਹਨ।
ਪ੍ਰਤਾਪ ਸਿੰਘ ਬਾਜਵਾ ਨੇ ਵੀ ਚੁੱਕੇ ਸਵਾਲ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਲਿਖਿਆ – “ਹੈਲੀਕਾਪਟਰ ਪੰਜਾਬੀਆਂ ਦਾ, ਪਰ ਕਬਜ਼ਾ ਧਾੜਵੀਆਂ ਦਾ!” ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਕਿਹਾ ਸੀ:“ਹੈਲੀਕਾਪਟਰ ‘ਚ ਫਿਰੀ ਜਾਂਦੇ ਨੇਤਾ”। ਹੁਣ ਭਗਵੰਤ ਮਾਨ ਖੁਦ ਪਵਨ ਹੰਸ ਨਾਲੋਂ ਜ਼ਿਆਦਾ ਏਅਰਟਾਈਮ ਲੈ ਰਿਹਾ ਹੈ! ਸਰਕਾਰੀ ਹੈਲੀਕਾਪਟਰ ਬਣ ਗਿਆ ਨਿੱਜੀ Uber Air… ਵੱਸ ਦਿੱਲੀ ਵਾਲਿਆਂ ਨੂੰ Pick & Drop ਕਰਨ ਲਈ ????।
ਅਰਵਿੰਦ ਕੇਜਰੀਵਾਲ ਨੂੰ ਵਾਰ -ਵਾਰ ਘੇਰ ਰਹੀ ਹੈ ਸਵਾਤੀ ਮਾਲੀਵਾਲ
ਭਾਵੇਂ ਸਵਾਤੀ ਆਮ ਆਦਮੀ ਪਾਰਟੀ ਦੀ ਹੀ ਰਾਜ ਸਭਾ ਮੈਂਬਰ ਹੈ ਪਰ ਉਹ ਲਗਾਤਾਰ ‘ਆਪ’ ਆਗੂਆਂ ਅਤੇ ਅਰਵਿੰਦ ਕੇਜਰੀਵਾਲ ਨੂੰ ਘੇਰਦੀ ਰਹਿੰਦੀ ਹੈ। ਸਵਾਤੀ ਮਾਲੀਵਾਲ ਦਾ ਵਿਵਾਦ ਉਦੋਂ ਸਾਹਮਣੇ ਆਇਆ ਸੀ ,ਜਦੋਂ ਉਸਨੇ ਅਰਵਿੰਦ ਕੇਜਰੀਵਾਲ ਦੀ ਸਿਕਾਉਰਟੀ ‘ਤੇ ਉਸਨੂੰ ਧੱਕੇ ਮਾਰਨ ਦੇ ਆਰੋਪ ਲਗਾਏ ਸੀ। ਜਿਸ ਤੋਂ ਬਾਅਦ ਸਵਾਤੀ ਲਗਾਤਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਘੇਰ ਰਹੀ ਹੈ।