ਪੰਜ ਤਖ਼ਤ ਸਾਹਿਬ ਤੋਂ ਸ਼ੁਰੂ ਹੋਈ ਵਿਸ਼ੇਸ਼ ਰੇਲ ਯਾਤਰਾ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਤਵਾਰ ਨੂੰ ਸਿੱਖ ਧਰਮ ਦੇ ਪੰਜ ਧਾਰਮਿਕ ਤੀਰਥ ਸਥਾਨਾਂ ਲਈ ਪਹਿਲੀ “ਪੰਜ ਤਖ਼ਤ ਸਾਹਿਬ ਵਿਸ਼ੇਸ਼ ਰੇਲ ਯਾਤਰਾ” ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੇਲਗੱਡੀ ਨੂੰ ਮੰਤਰੀ ਬਿੱਟੂ ਨੇ ਨਾਦੇੜ ਸਾਹਿਬ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੰਤਰੀ ਨੇ ਰੇਲ ਨੂੰ ਰਵਾਨਗੀ ਦੇਣ ਤੋਂ ਪਹਿਲਾਂ ਹਜ਼ੂਰ ਸਾਹਿਬ ਗੁਰਦੁਆਰਾ ਵਿਖੇ ਮੱਥਾ ਵੀ ਟੇਕਿਆ। ਦੱਸ ਦਈਏ ਕਿ ਸ਼ਹੀਦ ਬਾਬਾ ਭੁਜੰਗ ਸਿੰਘ ਜੀ ਚੈਰੀਟੇਬਲ ਟਰੱਸਟ ਨਾਂਦੇੜ ਵੱਲੋਂ ਇਹ ਪੰਜ ਤਖ਼ਤ ਸਾਹਿਬਾਨਾਂ ਲਈ ਵਿਸ਼ੇਸ਼ ਰੇਲ ਗੱਡੀ ਚਲਾਈ ਗਈ ਹੈ।
ਇਸ ਮੌਕੇ ਰੇਲ ਗੱਡੀ ਨੂੰ ਰਵਾਨਾ ਕਰਨ ਤੋਂ ਬਾਅਦ ਮੰਤਰੀ ਬਿੱਟੂ ਨੇ ਕਿਹਾ ਕਿ ਸਿੱਖ ਧਰਮ ਦੇ 5 ਪਵਿੱਤਰ ਤੀਰਥ ਸਥਾਨਾਂ ਨੂੰ ਭਾਰਤੀ ਰੇਲਵੇ ਵੱਲੋਂ ਕਵਰ ਕਰਨ ਵਾਲੀ ਇਹ ਪਹਿਲੀ ਵਿਸ਼ੇਸ਼ ਰੇਲਗੱਡੀ ਲੋਕਾਂ ਨੂੰ ਜੋੜਨ ਅਤੇ ਰੂਹਾਨੀਅਤ, ਸੱਭਿਆਚਾਰ ਤੇ ਰਾਸ਼ਟਰਵਾਦ ਨੂੰ ਵਧਾਉਣ ਲਈ ਇੱਕ ਕਦਮ ਹੈ।
ਪਹਿਲੇ ਡੱਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ
ਉਨ੍ਹਾਂ ਦੱਸਿਆ ਕਿ ਰੇਲ ਗੱਡੀ ਦੇ ਪਹਿਲੇ ਡੱਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇਸ ਪੂਰੀ ਯਾਤਰਾ ਦੌਰਾਨ ਪੈਂਟਰੀ ਕਾਰ ਵਿੱਚ ਸ਼ਰਧਾਲੂਆਂ ਲਈ ਲੰਗਰ ਦੀ ਸਹੂਲਤ ਉਪਲਬਧ ਹੈ। ਹਰ ਕੋਚ ਵਿੱਚ ਸਪੀਕਰ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਸੰਗਤਾਂ ਕੀਰਤਨ ਸਰਵਣ ਕਰ ਸਕਣਗੀਆਂ।
12 ਦਿਨਾਂ ਦੀ ਹੋਵੇਗੀ ਯਾਤਰਾ
ਰਵਨੀਤ ਬਿੱਟੂ ਨੇ ਦੱਸਿਆ ਇਹ ਰੇਲ ਗੱਡੀ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਪਟਨਾ ਸਾਹਿਬ, ਆਨੰਦਪੁਰ ਸਾਹਿਬ, ਦਮਦਮਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਜਾਵੇਗੀ। ਇਹ ਕੁੱਲ 12 ਦਿਨਾਂ ਦੀ ਯਾਤਰਾ ਹੈ, ਜਿਸ ਵਿੱਚ ਕੁੱਲ 1300 ਸ਼ਰਧਾਲੂਆਂ ਨੂੰ ਮੁਫਤ ਠਹਿਰਾਅ ਦਿੱਤਾ ਜਾਵੇਗਾ ਅਤੇ ਹਰੇਕ ਸਟਾਪ ‘ਤੇ 20 ਹਜ਼ਾਰ ਤੋਂ ਵੱਧ ਸ਼ਰਧਾਲੂ ਮੱਥਾ ਟੇਕਣਗੇ।
ਐਮ.ਪੀ. ਬਿੱਟੂ ਨੇ ਦੱਸਿਆ ਕਿ ਇਹ ਰੇਲ ਪਟਨਾ ਸਾਹਿਬ, ਆਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਦਮਦਮਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਧਾਰਮਿਕ ਸਥਾਨਾਂ ਦਾ ਦੌਰਾ ਕਰੇਗੀ। ਉਪਰੰਤ 6 ਸਤੰਬਰ ਨੂੰ ਵਾਪਸ ਨਾਂਦੇੜ ਪਹੁੰਚ ਕੇ ਯਾਤਰਾ ਪੂਰੀ ਹੋਵੇਗੀ।