ਪੰਜਾਬ ਵਿੱਚ ਸਰਕਾਰੀ ਬੱਸਾਂ ਤੋਂ ਸਫਰ ਕਰਨ ਵਾਲੇ ਲੋਕਾਂ ਲਈ ਖਾਸ ਖਬਰ ਸਾਹਮਣੇ ਆਈ ਹੈ, ਖਾਸ ਕਰਕੇ ਬੀਬੀਆਂ ਜਿਹੜੀਆਂ ਸਰਕਾਰੀ ਬੱਸਾਂ ਤੋਂ ਹੀ ਅਪਣਾ ਸਫਰ ਪੂਰਾ ਕਰਦੀਆਂ ਹਨ, ਉਹ ਵੀ ਧਿਆਨ ਦੇ ਕੇ ਆਹ ਖ਼ਬਰ ਦੇਖ ਲੈਣ। ਦੱਸ ਦਈਏ ਕਿ ਪੰਜਾਬ ਵਿੱਚ ਤਿੰਨ ਦਿਨਾਂ ਲਈ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਪੀਆਰਟੀਸੀ ਅਤੇ ਪਨਬਸ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਤਿੰਨ ਦਿਨਾਂ ਬੱਸਾਂ ਦਾ ਆਵਾਜਾਈ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਮੁਲਾਜ਼ਮ 9,10 ਅਤੇ 11 ਜੁਲਾਈ ਨੂੰ ਹੜਤਾਲ ਕਰਨਗੇ ਅਤੇ ਕੋਈ ਬੱਸ ਨਹੀਂ ਚੱਲੇਗੀ। ਇਹ ਸਾਰੇ ਮੁਲਾਜ਼ਮ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਨਗੇ। ਜ਼ਿਕਰ ਕਰ ਦਈਏ ਕਿ ਕੁਝ ਸਮਾਂ ਪਹਿਲਾਂ ਵੀ ਪਨਬਸ ਅਤੇ ਪੀਆਰਟੀਸੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ਕੀਤੀ ਸੀ, ਉਦੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਤੁਹਾਡੀਆਂ ਮੰਗਾਂ ‘ਤੇ ਛੇਤੀ ਹੀ ਵਿਚਾਰ ਕੀਤਾ ਜਾਵੇਗਾ ਪਰ ਇੱਕ ਮਹੀਨਾ ਬੀਤ ਗਿਆ ਪਰ ਹਾਲੇ ਤੱਕ ਕੋਈ ਮੰਗ ਪੂਰੀ ਨਹੀਂ ਕੀਤੀ ਗਈ।
ਕੀ ਹਨ ਮੁਲਾਜ਼ਮਾਂ ਦੀਆਂ ਮੰਗਾਂ
ਦਰਅਸਲ, ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਣੇ ਹੋਰ ਵੀ ਕਈ ਮੰਗਾਂ ਹਨ। ਦੂਜੇ ਪਾਸੇ, ਪੀਆਰਟੀਸੀ ਅਤੇ ਪਨਬੱਸ ਠੇਕੇਦਾਰੀ ਸਿਸਟਮ ਲਾਗੂ ਕਰਕੇ ਇਨ੍ਹਾਂ ਗੈਰ-ਹੁਨਰਮੰਦ ਮੁਲਾਜ਼ਮਾਂ ਦੇ ਭਵਿੱਖ ਨੂੰ ਖਤਰੇ ਵਿੱਚ ਪਾ ਰਹੇ ਹਨ।
ਮਜ਼ਦੂਰਾਂ ਨੂੰ ਡਰ ਹੈ ਕਿ ਜੇਕਰ ਠੇਕੇਦਾਰੀ ਸਿਸਟਮ ਲਾਗੂ ਕੀਤਾ ਗਿਆ, ਤਾਂ ਉਨ੍ਹਾਂ ਦੀਆਂ ਨੌਕਰੀਆਂ ਖੁੱਸ ਜਾਣਗੀਆਂ। ਇਸੇ ਲਈ ਉਹ ਵਾਰ-ਵਾਰ ਸੜਕਾਂ ਜਾਮ ਕਰਦੇ ਹਨ। ਪਰ ਆਮ ਜਨਤਾ ਦੋਵਾਂ ਧਿਰਾਂ ਵਿਚਕਾਰ ਚੱਲ ਰਹੀ ਲੜਾਈ ਤੋਂ ਤੰਗ ਆ ਚੁੱਕੀ ਹੈ।
ਕਿਉਂਕਿ ਜਦੋਂ ਵੀ ਹੜਤਾਲ ਹੁੰਦੀ ਹੈ ਤਾਂ ਆਮ ਜਨਤਾ ਨੂੰ ਇਸ ਦਾ ਨੁਕਸਾਨ ਝੱਲਣਾ ਪੈਂਦਾ ਹੈ, ਜਿਹੜੇ ਪੈਸੇ ਲਾ ਕੇ ਸਫਰ ਨਹੀਂ ਕਰ ਸਕਦੇ ਹਨ, ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ।