ਪੱਟੀ ਦੇ ਕੇਂਦਰੀ ਮੰਦਿਰ ਵਿਖੇ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਭਗਵਾਨ ਵਾਲਮੀਕਿ ਨੂੰ ਸ਼ਰਧਾਂਜਲੀ ਭੇਟ ਕੀਤੀ।
ਭੁੱਲਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਗਵਾਨ ਵਾਲਮੀਕਿ ਮਹਾਨ ਮਹਾਂਕਾਵਿ ਰਮਾਇਣ ਦੇ ਰਚਨਹਾਰ ਹਨ, ਜੋ ਵੱਡਿਆਂ ਦਾ ਸਤਿਕਾਰ ਕਰਨ, ਛੋਟਿਆਂ ਨਾਲ ਸਨੇਹ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਲਈ ਹਵਨ ਯੱਗ ਕੀਤਾ।
ਉਪਰੰਤ ਆਦਿ ਧਰਮ ਸਮਾਜ ਵੱਲੋਂ ਪੱਟੀ ਦੇ ਪਿੱਪਲ ਮੁਹੱਲੇ ਤੋਂ ਝੰਡਾ ਮਾਰਚ ਕੱਢਿਆ ਗਿਆ। ਭਜਨ ਗਾਇਕ ਰਾਜੇਸ਼ ਸੰਧੂ ਨੇ ਭਗਵਾਨ ਵਾਲਮੀਕਿ ਨੂੰ ਸਮਰਪਿਤ ਭਗਤੀ ਗੀਤ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਕੇਂਦਰੀ ਵਾਲਮੀਕਿ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਦਾ ਸਨਮਾਨ ਕੀਤਾ ਗਿਆ। ਵਾਲਮੀਕਿ ਭਾਈਚਾਰੇ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਇਸ ਮੌਕੇ ਦਿਲਬਾਗ ਸਿੰਘ ਸੰਧੂ (ਪੀ.ਏ. ਚੇਅਰਮੈਨ ਮਾਰਕੀਟ ਕਮੇਟੀ ਹਰੀਕੇ), ਵਰਿੰਦਰਜੀਤ ਸਿੰਘ ਹੀਰਾ ਭੁੱਲਰ, ਬਲਕਾਰ ਸਿੰਘ (ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਪੱਟੀ) ਅਤੇ ਹੋਰ ਬਹੁਤ ਸਾਰੇ ਸਥਾਨਕ ਆਗੂ ਅਤੇ ਸਮਾਜ ਦੇ ਨੁਮਾਇੰਦਿਆਂ ਸਮੇਤ ਕਈ ਪਤਵੰਤੇ ਹਾਜ਼ਰ ਸਨ।