ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ, ਸੰਭਵ ਜੈਨ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ। ਵਿਆਹ ਸਮਾਗਮ ਤੇ ਰਿਸੈਪਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਵਿਚਲੀ ਸਰਕਾਰੀ ਰਿਹਾਇਸ਼ ਕਪੂਰਥਲਾ ਹਾਊਸ ਵਿਚ ਹੋਈ। ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਆਪ ਸਰਕਾਰ ਉੱਤੇ ਹਮਲਾਵਰ ਹੋ ਗਈਆਂ ਹਨ।
ਇਸ ਨੂੰ ਲੈ ਕੇ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਜੇ ਤੁਸੀਂ ਹੁਣ ਕਪੂਰਥਲਾ ਹਾਊਸ, ਦਿੱਲੀ ਵਿਖੇ ਮੇਜ਼ਬਾਨੀ ਤੋਂ ਵੇਹਲੇ ਹੋ ਚੁੱਕੇ ਹੋ ਤਾਂ ਹੁਣ ਪੰਜਾਬ ਵੱਲ ਧਿਆਨ ਦਿਓ। ਖੜੀਆਂ ਫ਼ਸਲਾਂ ਨੂੰ ਲੱਗੀ ਅੱਗ ਬੁਝਾਉਣ ਲਈ ਨਾ ਫਾਇਰ ਬ੍ਰਿਗੇਡਾਂ ਸਮੇਂ ਸਿਰ ਪਹੁੰਚ ਰਹੀਆਂ ਹਨ, ਨਾ ਬਾਕੀ ਢੁਕਵੇਂ ਪ੍ਰਬੰਧ ਹਨ।
ਪਰਗਟ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਆਈ ਫ਼ਸਲ ਨੂੰ ਸੰਭਾਲਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ। ਤੇਜ਼ ਤੂਫ਼ਾਨ ਕਾਰਨ ਸੰਗਰੂਰ ਸਮੇਤ ਮਾਲਵੇ ਵਿੱਚ ਭਾਰੀ ਤਬਾਹੀ ਹੋਈ, ਪਰ ਕਿਤੇ ਕੋਈ ਸਰਕਾਰੀ ਸਹਾਇਤਾ ਜਾਂ ਮੁਆਵਜ਼ਾ ਨਹੀਂ, ਕੋਈ ਭਰੋਸਾ ਨਹੀਂ। ਮੀਂਹ ਅਤੇ ਝੱਖੜ ਨਾਲ ਨੁਕਸਾਨੀਆਂ ਫ਼ਸਲਾਂ ਲਈ ਵੀ ਕਿਤੇ ਗਿਰਦਾਵਰੀ, ਕੋਈ ਮੁਆਵਜ਼ਾ ਨਹੀਂ। ਆਪਣੀ ਭਰਤੀ ਪੂਰੀ ਕਰਵਾਉਣ ਲਈ ਸਿੱਖਿਆ ਮੰਤਰੀ ਦੇ ਪਿੰਡ ਨੌਜਵਾਨ ਅਧਿਆਪਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ।
ਜ਼ਿਕਰ ਕਰ ਦਈਏ ਕਿ ਇਸ ਵੇਲੇ ਕਿਸਾਨਾਂ ਵਿੱਚ ਕਣਕ ਦੀ ਵਾਢੀ ਦਾ ਜ਼ੋਰ ਚੱਲ਼ ਰਿਹਾ ਹੈ ਤੇ ਜਿਨ੍ਹਾਂ ਨੇ ਵੱਢ ਲਈ ਹੈ ਉਨ੍ਹਾਂ ਦੀ ਫਸਲ ਇਸ ਵੇਲੇ ਖੁੱਲ੍ਹੇ ਅਸਮਾਨ ਥੱਲੇ ਮੰਡੀਆਂ ਵਿੱਚ ਪਈਆਂ ਹੈ। ਇਸ ਮੌਕੇ ਪੈ ਰਿਹਾ ਮੀਂਹ ਦੋਵਾਂ ਲਈ ਨੁਕਸਾਨਦਾਇਕ ਹੈ। ਕਈ ਥਾਵਾਂ ਉੱਤੇ ਤਾਂ ਕਣਕ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਤੇ ਇਸ ਤੋਂ ਚੱਲੇ ਝੱਖੜ ਨੇ ਪੂਰੀ ਤਰ੍ਹਾਂ ਝੰਬ ਕੇ ਰੱਖ ਦਿੱਤੀ ਹੈ। ਇਸ ਮੌਕੇ ਅੰਨਦਾਤਾ ਰੱਬ ਅੱਗੇ ਅਰਦਾਸਾਂ ਕਰ ਰਿਹਾ ਹੈ ਕਿ ਇਸ ਕੁਦਰਤੀ ਮਾਰ ਨੂੰ ਰੋਕਿਆ ਜਾਵੇ। ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋ ਗਿਆ ਹੈ ਉਹ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਦੱਸ ਦਈਏ ਕਿ ਕੇਜਰੀਵਾਲ ਦੀ ਧੀ ਦੇ ਵਿਆਹ ਮੌਕੇ ਭਗਵੰਤ ਮਾਨ ਦੇ ਭੰਗੜੇ ਪਾਉਂਦਿਆਂ ਦੀਆਂ ਕਈ ਵੀਡੀਓ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਲੋਕ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ, ਹਾਲਾਂਕਿ ਵਿਰੋਧੀ ਧਿਰਾਂ ਇਸ ਨੂੰ ਲੈ ਕੇ ਲਗਾਤਾਰ ਹਮਲਾਵਰ ਹੋ ਰਹੇ ਹਨ। ਇੱਕ ਵੀਡੀਓ ਨੂੰ ਸਾਂਝੀ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, “ਕੰਮ ਕੁਮ ਕਰਨ ਨੂੰ ਤਾਂ ਕੇਜਰੀਵਾਲ ਰੱਖਿਆ,ਭਗਵੰਤ ਤਾਂ ਰੱਖਿਆ ਭੰਗੜੇ ਪਾਉਣ ਨੂੰ”