Punjab News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ। ਬਿੱਟੂ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ਦੀ ਸ਼ਾਂਤੀ ਵਿੱਚ ਇੱਕ ਸ਼ਕਤੀ ਹੈ ਜੋ ਆਤਮਾ ਨੂੰ ਮੁੜ ਸੁਰਜੀਤ ਕਰਦੀ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਤਿੱਖਾ ਸ਼ਬਦੀ ਵਾਰ ਕੀਤਾ ਹੈ।
ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ਅੱਜ ਮੈਂ ਸੱਚਖੰਡ ਹਜ਼ੂਰ ਸਾਹਿਬ ਨੰਦੇੜ, ਮਹਾਰਾਸ਼ਟਰ ਵਿਖੇ ਨਤਮਸਤਕ ਹੋਇਆ। ਇਹ ਪਵਿੱਤਰ ਗੁਰਦੁਆਰਾ ਸਾਹਿਬ, ਸਿੱਖ ਧਰਮ ਦੇ ਅਮੀਰ ਇਤਿਹਾਸ, ਨਿਮਰਤਾ, ਸ਼ਰਧਾ ਅਤੇ ਸੇਵਾ ਦੀਆਂ ਕਦਰਾਂ ਕੀਮਤਾਂ ਦੀ ਡੂੰਘੀ ਯਾਦ ਦਿਵਾਉਂਦਾ ਹੈ। ਜਿਵੇਂ ਹੀ ਮੈਂ ਗੁਰੂ ਅੱਗੇ ਮੱਥਾ ਟੇਕਿਆ, ਮੈਂ ਉਨ੍ਹਾਂ ਸਿੱਖਿਆਵਾਂ ਨਾਲ ਡੂੰਘਾ ਸਬੰਧ ਮਹਿਸੂਸ ਕੀਤਾ ਜਿਨ੍ਹਾਂ ਨੇ ਅਣਗਿਣਤ ਰੂਹਾਂ ਨੂੰ ਸੇਧ ਦਿੱਤੀ ਹੈ। ਇਸ ਪਵਿੱਤਰ ਅਸਥਾਨ ਦੀ ਸ਼ਾਂਤੀ ਵਿੱਚ ਇੱਕ ਸ਼ਕਤੀ ਹੈ ਜੋ ਆਤਮਾ ਨੂੰ ਮੁੜ ਸੁਰਜੀਤ ਕਰਦੀ ਹੈ ਅਤੇ ਧਾਰਮਿਕਤਾ ਦੇ ਮਾਰਗ ‘ਤੇ ਚੱਲਣ ਦੇ ਸੰਕਲਪ ਨੂੰ ਮਜ਼ਬੂਤ ਕਰਦੀ ਹੈ।
ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ, ਭਾਜਪਾ ਦਾ ਸਾਡੇ ਤਖਤਾਂ ਅਤੇ ਗੁਰੂ ਘਰਾਂ ਤੇ ਕਾਬਜ਼ ਹੋਣ ਦਾ ਨਤੀਜਾ ਮਹਾਨ ਤਖਤਾਂ ‘ਤੇ ਸਿੱਖਾਂ ਦੇ ਕਾਤਲਾਂ ਦੇ ਪਰਿਵਾਰਾਂ ਦਾ ਸਨਮਾਨ ਹੋਣ ਲੱਗ ਗਿਆ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ‘ਤੇ ਸਿੱਖ ਨੌਜਵਾਨਾਂ ਦੇ ਕਾਤਿਲ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਦਾ ਸਨਮਾਨ ਕੀਤਾ ਗਿਆ, ਕਿ ਅਖੌਤੀ ਪੰਥਿਕ ਹੁਣ ਵੀ ਚੁੱਪ ਰਹਿਣਗੇ ?
ਜ਼ਿਕਰ ਕਰ ਦਈਏ ਕਿ ਰਵਨੀਤ ਬਿੱਟੂ ਨੇ “5 ਤਖ਼ਤ ਵਿਸ਼ੇਸ਼’ ਵਿਸ਼ੇਸ਼ ਤੀਰਥ ਰੇਲ ਗੱਡੀ ਨੂੰ ਅੱਜ ਨਾਂਦੇੜ ਰੇਲਵੇ ਸਟੇਸ਼ਨ ਤੋਂ ਹਜ਼ੂਰ ਸਾਹਿਬ ਨਾਂਦੇੜ ਤੋਂ ਸਿੱਖ ਧਰਮ ਦੇ ਪੰਜ ਹੋਲੀ ਅਸਥਾਨਾਂ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਸਿੱਖ ਧਰਮ ਦੇ 5 ਪਵਿੱਤਰ ਗੁਰਧਾਮਾਂ ਨੂੰ ਕਵਰ ਕਰਨ ਵਾਲੀ ਪਹਿਲੀ ਵਿਸ਼ੇਸ਼ ਰੇਲਗੱਡੀ ਭਾਰਤੀ ਰੇਲਵੇ ਦੁਆਰਾ ਲੋਕਾਂ ਨੂੰ ਜੋੜਨ ਅਤੇ ਰੂਹਾਨੀਅਤ ਸੱਭਿਆਚਾਰ ਅਤੇ ਰਾਸ਼ਟਰਵਾਦ ਨੂੰ ਵਧਾਉਣ ਲਈ ਇੱਕ ਸ਼ਰਧਾਂਜਲੀ ਹੈ।