ਬਨੂੜ ਸ਼ਹਿਰ ਦੇ ਵਾਰਡ ਨੰਬਰ ਚਾਰ ਦੇ ਆਹਲੂਵਾਲੀਆ ਮੁਹੱਲਾ ਦੇ ਵਸਨੀਕ ਸੁਖਦੇਵ ਸਿੰਘ ਦੀ ਪਿਛਲੇ ਛੇ ਮਹੀਨੇ ਤੋਂ ਮਾਲਦੀਵ ਰਹਿੰਦੀ ਧੀ ਗੁਰਪ੍ਰੀਤ ਕੌਰ (24) ਵੱਲੋਂ ਮਾਲਦੀਵ ਵਿਖੇ ਹੀ ਜੀਵਨਲੀਲਾ ਸਮਾਪਤ ਕੀਤੇ ਜਾਣ ਦੀ ਖ਼ਬਰ ਹੈ।
ਗੁਰਪ੍ਰੀਤ ਕੌਰ ਦਾ ਪਿਛਲੇ ਸਾਲ ਅਪ੍ਰੈਲ ਵਿਚ ਜ਼ੀਰਾ (ਫ਼ਿਰੋਜ਼ਪੁਰ) ਦੇ ਸਾਗਰ ਅਰੋੜਾ ਨਾਲ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਪ੍ਰੇਮ ਵਿਆਹ ਹੋਇਆ ਸੀ।
ਮ੍ਰਿਤਕਾ ਦੇ ਪਿਤਾ ਨੇ ਪਤੀ ‘ਤੇ ਲਾਏ ਇਲਜ਼ਾਮ
ਕੁੜੀ ਦੇ ਪਿਤਾ ਸੁਖਦੇਵ ਸਿੰਘ ਨੇ ਥਾਣਾ ਬਨੂੜ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਮ੍ਰਿਤਕਾ ਦੇ ਪਤੀ ਸਾਗਰ ਅਰੋੜਾ ’ਤੇ ਉਸ ਨੂੰ ਪਰੇਸ਼ਾਨ ਕਰਨ ਅਤੇ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਲਗਾਏ ਹਨ।
ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਨੇ ਦਸਿਆ ਕਿ ਉਸ ਦੀ ਬੇਟੀ ਬੀਕਾਮ ਆਨਰਜ਼ ਪਾਸ ਸੀ। ਉਹ ਵਰਕ ਪਰਮਿਟ ਉੱਤੇ ਛੇ ਮਹੀਨੇ ਪਹਿਲਾਂ ਮਾਲਦੀਵ ਗਈ ਸੀ। ਉਨ੍ਹਾਂ ਕਿਹਾ ਕਿ ਕੁੜੀ ਦਾ ਪਤੀ ਇੱਥੇ ਹੀ ਸੀ। ਉਨ੍ਹਾਂ ਦਸਿਆ ਕਿ 11 ਜੂਨ ਨੂੰ ਪਰਵਾਰ ਦੀ ਕੁੜੀ ਨਾਲ ਗੱਲ ਹੋਈ ਸੀ। ਉਨ੍ਹਾਂ ਕਿਹਾ ਕਿ ਉਸੇ ਰਾਤ ਇਹ ਘਟਨਾ ਵਾਪਰ ਗਈ, ਜਿਸ ਬਾਰੇ ਉਸ ਦੀ ਸਹੇਲੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਕੁੜੀ ਦਾ ਪਤੀ ਉਸ ਨਾਲ ਗੱਲ ਨਹੀਂ ਕਰ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਅਜੇ ਪਰਿਵਾਰ ਨੇ ਬਿਆਨ ਪੂਰਨ ਤੌਰ ‘ਤੇ ਨਹੀਂ ਦਰਜ ਕਰਵਾਏ ਅਤੇ ਪੁਲਿਸ ਨੇ 174 ਦੇ ਤਹਿਤ ਕਾਰਵਾਈ ਕੀਤੀ ਹੈ।