Sangrur Poisonous Liquor: ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਹਾਲਾਂਕਿ ਅਜੇ ਤੱਕ ਇੱਕ ਵਿਅਕਤੀ ਦੀ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਵੀਰਵਾਰ ਨੂੰ ਦੋ ਵਾਰ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਪ੍ਰਸ਼ਾਸਨ ਦੀ ਮੀਟਿੰਗ ਹੋਈ ਪਰ ਇਹ ਬੇਸਿੱਟਾ ਰਹੀ। ਪੀੜਤ ਪਰਿਵਾਰਾਂ ਨੇ 25 ਲੱਖ ਰੁਪਏ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਧਰਨਾ ਦੇਣ ਦਾ ਐਲਾਨ ਕੀਤਾ।
ਇਸ ਦੇ ਨਾਲ ਹੀ ਪੁਲਿਸ ਦਾ ਦਾਅਵਾ ਹੈ ਕਿ ਮਰਨ ਵਾਲਿਆਂ ਨੇ ਇਥਾਨੌਲ ਤੋਂ ਤਿਆਰ ਜ਼ਹਿਰੀਲੀ ਸ਼ਰਾਬ ਪੀਤੀ ਸੀ, ਜੋ ਪਤਾਰਾ ਦੇ ਪਿੰਡ ਤੇਈਪੁਰ ਵਿੱਚ ਵੇਚੀ ਜਾਂਦੀ ਸੀ। ਇਹ ਸ਼ਾਰਬ ਇੱਕ ਘਰ ਵਿੱਚ ਤਿਆਰ ਕੀਤਾ ਜਾ ਰਿਹਾ ਸੀ। ਪੁਲਿਸ ਨੇ ਇਸ ਰੈਕੇਟ ਨਾਲ ਜੁੜੇ ਮੁੱਖ ਸਰਗਨਾ ਹਰਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਤੱਕ ਇਸ ਮਾਮਲੇ ਵਿੱਚ ਚਾਰ ਜਣੇ ਗ੍ਰਿਫ਼ਤਾਰ ਹੋ ਚੁੱਕੇ ਹਨ।
ਪੁਲਿਸ ਦੀ ਜਾਂਚ ਮੁਤਾਬਕ ਕਿੰਗਪਿਨ ਹਰਮਨਪ੍ਰੀਤ ਸਿੰਘ ਨੇ ਯੂ-ਟਿਊਬ ਤੋਂ ਸ਼ਰਾਬ ਬਣਾਉਣੀ ਸਿੱਖੀ ਸੀ ਅਤੇ ਆਪਣੇ ਹੀ ਘਰ ‘ਚ ਫੈਕਟਰੀ ਲਗਾਈ। ਮੁਲਜ਼ਮਾਂ ਨੇ 10 ਪੇਟੀਆਂ ਨਕਲੀ ਸ਼ਰਾਬ ਪਿੰਡ ਗੁੱਜਰਾਂ ਵਿੱਚ ਸਪਲਾਈ ਕੀਤੀ ਸੀ। ਜਿੱਥੋਂ ਇਹ ਲੋਕਾਂ ਤੱਕ ਪਹੁੰਚਿਆ। ਮੁਲਜ਼ਮਾਂ ਖ਼ਿਲਾਫ਼ 6 ਦਸੰਬਰ 2022 ਨੂੰ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਥਾਣੇ ਵਿੱਚ ਇੱਕ ਵਿਅਕਤੀ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦਾ ਕੇਸ ਵੀ ਦਰਜ ਹੈ।
ਪੁਲਿਸ ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਿੰਗਪਿਨ ਹਰਮਨਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਸ਼ਰਾਬ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਹਰਮਨਪ੍ਰੀਤ ਸਿੰਘ ਦਾ ਮੰਨਣਾ ਸੀ ਕਿ ਜ਼ਿਆਦਾ ਨਸ਼ਾ ਹੋਣ ਕਾਰਨ ਸ਼ਰਾਬ ਦਾ ਖਪਤ ਵੀ ਵਧੇਗਾ। ਹਰਮਨਪ੍ਰੀਤ ਸਿੰਘ ਵੱਲੋਂ 120 ਬੋਤਲਾਂ ਦੀ ਪਹਿਲੀ ਖੇਪ ਤਿਆਰ ਕੀਤਾ ਗਈ ਸੀ। ਪਹਿਲੀ ਕੋਸ਼ਿਸ਼ ਦੌਰਾਨ ਪੂਰੀ ਜਾਣਕਾਰੀ ਨਾ ਹੋਣ ਕਾਰਨ ਇਹ ਸ਼ਰਾਬ ਜ਼ਹਿਰੀਲਾ ਹੋ ਗਿਆ।
ਪੁਲਿਸ ਮੁਤਾਬਕ ਹਰਮਨਪ੍ਰੀਤ ਸਿੰਘ ਵੱਲੋਂ ਬਣਾਈ ਗਈ ਨਕਲੀ ਸ਼ਰਾਬ ਪਿੰਡ ਗੁੱਜਰਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਕਈ ਘਰਾਂ ਤੱਕ ਪਹੁੰਚ ਚੁੱਕੀ ਹੈ। ਪੁਲਿਸ ਵੱਲੋਂ ਪਿੰਡ ਗੁੱਜਰਾਂ ਤੋਂ 20 ਕਿਲੋਮੀਟਰ ਦੇ ਘੇਰੇ ਵਿੱਚ ਅਜਿਹੀ ਸ਼ਰਾਬ ਦਾ ਸੇਵਨ ਨਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਸਿਹਤ ਵਿਭਾਗ, ਪੁਲਿਸ ਵਿਭਾਗ ਅਤੇ ਮਾਲ ਵਿਭਾਗ ਦੀਆਂ ਸਾਂਝੀਆਂ ਟੀਮਾਂ ਘਰ-ਘਰ ਜਾ ਕੇ ਸਰਵੇਖਣ ਕਰ ਰਹੀਆਂ ਹਨ। ਦਿੜ੍ਹਬਾ ਖੇਤਰ ਵਿੱਚ 20 ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਹੈ। ਲੋਕਾਂ ਨੂੰ ਸਸਤੀ ਅਤੇ ਘਟੀਆ ਸ਼ਰਾਬ ਦਾ ਸੇਵਨ ਨਾ ਕਰਨ ਦੀ ਅਪੀਲ ਕੀਤੀ ਗਈ ਹੈ।