ਮੁੱਖ ਮੰਤਰੀ ਭਗਵੰਤ ਮਾਨ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਨਤੀਜੇ ਐਲਾਨੇ ਗਏ ਹਨ, ਜਿਨ੍ਹਾਂ ਵਿੱਚ ਕੁੜੀਆਂ ਨੇ ਮੱਲਾਂ ਮਾਰੀਆਂ ਹਨ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ 12ਵੀਂ ਜਮਾਤ ਵਿੱਚ ਟਾਪ ਕਰਨ ਵਾਲਿਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਹੈ।
ਸੀਐਮ ਮਾਨ ਨੇ ਐਕਸ ‘ਤੇ ਟਵੀਟ ਕਰਦਿਆਂ ਹੋਇਆਂ ਲਿਖਿਆ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਇਸ ਵਾਰ ਵੀ ਸਾਡੀਆਂ ਧੀਆਂ ਨੇ ਬਾਜ਼ੀ ਮਾਰੀ ਹੈ। ਅੱਵਲ ਆਈਆਂ ਕੁੜੀਆਂ ‘ਚ ਪਹਿਲੇ ਸਥਾਨ ‘ਤੇ ਜ਼ਿਲ੍ਹਾ ਬਰਨਾਲਾ ਦੀ ਹਰਸੀਰਤ ਕੌਰ, ਦੂਜੇ ਸਥਾਨ ‘ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਮਨਵੀਰ ਕੌਰ ਅਤੇ ਤੀਜੇ ਸਥਾਨ ‘ਤੇ ਜ਼ਿਲ੍ਹਾ ਮਾਨਸਾ ਦੀ ਅਰਸ਼ ਰਹੀ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮੇਰੇ ਵੱਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ।
ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ। ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਜਮਾਤ ਦੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਿਹਤਰੀਨ ਵਿਦਿਅਕ ਕਾਰਗੁਜ਼ਾਰੀ ਪ੍ਰਤੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ। ਸਿੱਖਿਆ ਮੰਤਰੀ ਨੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸਰਬੋਤਮ ਪ੍ਰਦਰਸ਼ਨ ਕਰਨ ਵਾਲੀਆਂ ਲੜਕੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਬਰਨਾਲਾ ਦੀ ਹਰਸੀਰਤ ਕੌਰ ਨੇ 500 ‘ਚੋਂ 500 ਅੰਕ ਹਾਸਲ ਕਰਕੇ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।