ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ ਜੈਜੋਂ ਖੇਤਰ ਵਿੱਚ ਹੜ੍ਹ ਕਾਰਨ ਊਨਾ ਜ਼ਿਲ੍ਹੇ ਦੇ ਦੇਹਲਾ ਦੇ 9 ਵਿਅਕਤੀਆਂ ਦੀ ਮੌਤ ਦੀ ਦੁਖਦਾਈ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਦੁਖੀ ਪਰਿਵਾਰਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਇੱਕਮੁੱਠ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਇਸ ਸਬੰਧੀ ਊਨਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ 12 ਲੋਕ ਇੱਕ ਇਨੋਵਾ ਗੱਡੀ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਜਦੋਂ ਗੱਡੀ ਖੱਡ ਵਿੱਚ ਵਹਿ ਗਈ। ਹੁਣ ਤੱਕ ਨੌਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਇੱਕ ਵਿਅਕਤੀ ਜ਼ਖਮੀ ਹੈ ਅਤੇ ਬਾਕੀ ਦੋ ਵਿਅਕਤੀਆਂ ਦੀ ਭਾਲ ਜਾਰੀ ਹੈ।