ਮੋਹਾਲੀ ਦੇ ਸੈਕਟਰ 71 ਵਿੱਚ ਸਥਿਤ ਸੰਨੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦੇ ਘਰ ਅਤੇ ਸੰਨੀ ਐਨਕਲੇਵ ਦੇ ਦਫਤਰ ‘ਤੇ ਪ੍ਰਵਰਤਨ ਵਿਭਾਗ (ED) ਦੀ ਟੀਮ ਨੇ ਛਾਪੇਮਾਰੀ ਕੀਤੀ। ED ਦੇ ਅਧਿਕਾਰੀ ਵੱਲੋਂ 22 ਮਈ ਦੀ ਸਵੇਰੇ ਲਗਭਗ 10 ਵਜੇ ਇੱਕ ਇਨੋਵਾ ਅਤੇ ਇੱਕ ਫਾਰਚੂਨਰ ਕਾਰ ਵਿੱਚ ਪਹੁੰਚੇ। ED ਦੇ ਅਧਿਕਾਰੀ ਬਾਜਵਾ ਦੇ ਘਰ ਵਿੱਚ ਦਾਖਲ ਹੋਏ ਅਤੇ ਗੇਟ ਅੰਦਰੋਂ ਬੰਦ ਕਰ ਦਿੱਤਾ। ਇਸ ਛਾਪੇਮਾਰੀ ਦੌਰਾਨ ਕੇਂਦਰੀ ਪੁਲਿਸ ਬਲ ਦੇ ਜਵਾਨ ਵੀ ਮੌਜੂਦ ਸਨ।
ਇਲਾਕੇ ‘ਚ ਮੱਚੀ ਹਲਚਲ
ਇਸ ਦੌਰਾਨ, ED ਦੇ ਅਧਿਕਾਰੀਆਂ ਦੀ ਦੂਜੀ ਟੀਮ ਬਾਜਵਾ ਦੇ ਸੰਨੀ ਐਨਕਲੇਵ ਦਫਤਰ ਤੇ ਪਹੁੰਚੀ ਅਤੇ ਦੋਹਾਂ ਥਾਵਾਂ ’ਤੇ ਇਕੱਠੇ ਜਾਂਚ ਸ਼ੁਰੂ ਕੀਤੀ ਗਈ। ਸੂਤਰਾਂ ਦੇ ਅਨੁਸਾਰ, ਜਾਂਚ ਏਜੰਸੀ ਨੇ ਸਭ ਤੋਂ ਪਹਿਲਾਂ ਬਾਜਵਾ ਦੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਬੰਦ ਕਰਵਾਏ ਅਤੇ ਪੁੱਛਤਾਛ ਦੌਰਾਨ ਟੀਮ ਨੇ ਘਰ ਵਿੱਚ ਮੌਜੂਦ ਕੰਪਿਊਟਰ, ਬੈਂਕ ਖਾਤਿਆਂ ਅਤੇ ਰੀਅਲ ਐਸਟੇਟ ਨਾਲ ਜੁੜੇ ਦਸਤਾਵੇਜ਼ਾਂ ਦੀ ਵੀ ਤਲਾਸ਼ੀ ਲਈ। ਸੂਤਰਾਂ ਮੁਤਾਬਕ, ED ਛਾਪੇਮਾਰੀ ਦੌਰਾਨ ਜਰੂਰੀ ਦਸਤਾਵੇਜ਼ਾਂ ਅਤੇ ਕੰਪਿਊਟਰ ਨੂੰ ਸੀਲ ਕਰਨ ਦੀ ਵੀ ਮੰਗ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ, ED ਨੂੰ ਸ਼ੱਕ ਹੈ ਕਿ ਬਾਜਵਾ ਅਤੇ ਉਸ ਦੀ ਕੰਪਨੀ ਨੇ ਕਾਲੋਨੀਆਂ ਵੰਡਣ ਅਤੇ ਕਈ ਲੋਕਾਂ ਨੂੰ ਪਲਾਟ ਵੇਚਣ ਦੇ ਮਾਮਲੇ ਵਿੱਚ ਵੱਡੇ ਪੱਧਰ ਤੇ ਘੋਟਾਲਾ ਕੀਤਾ ਹੈ। ਸੰਬੰਧਤ ED ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਬਾਜਵਾ ਦੇ ਘਰ ਦੇ ਅੰਦਰ ਖੜੇ ਕੇਂਦਰੀ ਸੁਰੱਖਿਆ ਬਲ ਦੇ ਜਵਾਨਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਗੌਰਤਲਬ ਹੈ ਕਿ ਸਾਲ 2023 ਵਿੱਚ ED ਨੇ ਜਰਨੈਲ ਸਿੰਘ ਬਾਜਵਾ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਸੀ। ਉਸ ਦੇ ਖਿਲਾਫ ਖਰੜ ਅਤੇ NRI ਪੁਲਿਸ ਸਟੇਸ਼ਨਾਂ ਵਿੱਚ ਪਲਾਟਾਂ ਦੀ ਖਰੀਦ-ਫਰੋਖਤ ਨਾਲ ਸਬੰਧਤ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ ਅਤੇ ਉਹ ਇਸ ਸਮੇਂ ਰੋਪੜ ਜੇਲ੍ਹ ਵਿੱਚ ਕੈਦ ਹੈ, ਜਿੱਥੇ ਉਸ ਦੇ ਖਿਲਾਫ ਦਰਜ ਮਾਮਲਿਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ED ਦੀ ਟੀਮ ਬਾਜਵਾ ਦੇ ਘਰ ਅਤੇ ਦਫਤਰ ਦੀ ਜਾਂਚ ਕਰ ਰਹੀ ਸੀ।