ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਜਹਾਜ਼ਾਂ ਨਾਲ ਜੁੜੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਭਾਵੇਂ ਉਤਰਾਖੰਡ ਵਿੱਚ ਜਹਾਜ਼ ਦਾ ਕ੍ਰੈਸ਼ ਹੋਣਾ ਜਾਂ ਏਅਰ ਇੰਡੀਆ ਦੀਆਂ ਕਈ ਉਡਾਣਾਂ ਰੱਦ ਹੋਣ। ਇਸ ਵਾਰ ਛੱਤੀਸਗੜ੍ਹ ਦੇ ਰਾਏਪੁਰ ਹਵਾਈ ਅੱਡੇ ਤੋਂ ਨਵਾਂ ਮਾਮਲਾ ਆਇਆ ਹੈ। ਮੰਗਲਵਾਰ ਨੂੰ ਇੱਥੇ ਹਫੜਾ-ਦਫੜੀ ਮਚ ਗਈ, ਜਦੋਂ ਇੰਡੀਗੋ ਦੀ ਉਡਾਣ ਦੇ ਉਤਰਨ ਤੋਂ 30 ਮਿੰਟ ਬਾਅਦ ਵੀ ਜਹਾਜ਼ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ। ਇਸ ਦੌਰਾਨ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੂਪੇਸ਼ ਬਘੇਲ ਵੀ ਉਡਾਣ ਵਿੱਚ ਫਸੇ ਰਹੇ।
ਰਾਏਪੁਰ ਵਿੱਚ ਦਿੱਲੀ ਤੋਂ ਆ ਰਹੀ ਫਲਾਈਟ 6E 6312 ਵਿੱਚ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਯਾਤਰੀ ਲਗਭਗ 30 ਮਿੰਟਾਂ ਲਈ ਜਹਾਜ਼ ਦੇ ਅੰਦਰ ਫਸੇ ਰਹੇ। ਫਲਾਈਟ ਦੁਪਹਿਰ 2:25 ਵਜੇ ਸੁਰੱਖਿਅਤ ਉਤਰੀ ਪਰ ਗੇਟ ਵਿੱਚ ਕਿਸੇ ਤਰ੍ਹਾਂ ਦੀ ਖਰਾਬੀ ਕਾਰਨ ਜਹਾਜ਼ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ। ਇਸ ਕਾਰਨ ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਸਮੇਂ ਸਿਰ ਉਤਾਰਿਆ ਨਹੀਂ ਜਾ ਸਕਿਆ। ਭੁਪੇਸ਼ ਬਘੇਲ ਤੋਂ ਇਲਾਵਾ ਵਿਧਾਇਕ ਚਤੁਰੀ ਨੰਦ ਅਤੇ ਰਾਏਪੁਰ ਦੀ ਮੇਅਰ ਮੀਨਲ ਚੌਬੇ ਵੀ ਜਹਾਜ਼ ਵਿੱਚ ਸਵਾਰ ਸਨ।
ਇਹ ਘਟਨਾ ਰਾਏਪੁਰ ਦੇ ਵੀਰ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਵਾਪਰੀ। ਜਦੋਂ ਚਾਲਕ ਦਲ ਨੇ ਜਹਾਜ਼ ਨੂੰ ਉਤਾਰਨ ਲਈ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਗੇਟ ਨਹੀਂ ਖੁੱਲ੍ਹਿਆ। ਜਹਾਜ਼ ਦੇ ਕੈਬਿਨ ਦੀ ਸਕਰੀਨ, ਜੋ ਕਿ ਦਰਵਾਜ਼ੇ ਦੇ ਸਿਸਟਮ ਨਾਲ ਜੁੜੀ ਹੋਈ ਸੀ, ਉਸ ‘ਚ ਕੋਈ ਸਿਗਨਲ ਨਹੀਂ ਦਿੱਖ ਰਿਹਾ ਸੀ। ਜਿਸ ਕਾਰਨ ਗੇਟ ਨੂੰ ਤੁਰੰਤ ਖੋਲ੍ਹਣਾ ਅਸੰਭਵ ਹੋ ਗਿਆ।
ਇਸ ਨਾਲ ਯਾਤਰੀਆਂ ਵਿੱਚ ਭੰਬਲਭੂਸਾ ਪੈਦਾ ਹੋ ਗਿਆ ਅਤੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਸ ਤੋਂ ਬਾਅਦ ਕੁਝ ਸਮੇਂ ਲਈ ਹਵਾਈ ਅੱਡੇ ‘ਤੇ ਐਮਰਜੈਂਸੀ ਪ੍ਰਤੀਕਿਰਿਆ ਕਰਨੀ ਪਈ। ਸਾਬਕਾ ਮੁੱਖ ਮੰਤਰੀ ਬਘੇਲ ਨੇ ਬਾਅਦ ਵਿੱਚ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਗੇਟ ਵਿੱਚ ਕੋਈ ਤਕਨੀਕੀ ਸਮੱਸਿਆ ਸੀ। ਅੱਧੇ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਆਖਰਕਾਰ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਦਿੱਤਾ ਗਿਆ।